Image Courtesy :jagbani(punjabkesari)

ਟਾਂਡਾ ਉੜਮੁੜ — ਹਾਈਵੇਅ ‘ਤੇ ਚੌਲਾਂਗ ਟੋਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਲਾਏ ਗਏ 13ਵੇਂ ਦਿਨ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਇਲਾਕੇ ਦੇ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਪਾਸ ਕਰਵਾਏ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਦਿੱਲੀ ‘ਚ ਕਿਸਾਨਾਂ ਨੂੰ ਬੁਲਾ ਕੇ ਗੁੰਮਰਾਹ ਕਰਨ ਵਾਲੀ ਮੋਦੀ ਸਰਕਾਰ ਖ਼ਿਲਾਫ਼ ਹਾਈਵੇਅ ‘ਤੇ ਜਾਮ ਲਗਾ ਦਿੱਤਾ।
ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਧਾਨ ਚੌਹਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨ ਅਤੇ ਕਿਸਾਨੀ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਲਾਮਬੰਦ ਹੋ ਚੁੱਕੇ ਹਨ ਅਤੇ ਕਿਸਾਨਾਂ ਦਾ ਇਹ ਸੰਘਰਸ਼ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗਾ।
ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ‘ਤੇ ਲੱਗਾ ਧਰਨਾ 20 ਅਕਤੂਬਰ ਤੱਕ ਜਾਰੀ ਹੈ | ਇਸ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਚੰਡੀਗੜ੍ਹ ‘ਚ ਹੋਣ ਵਾਲੀ ਕਿਸਾਨਾਂ ਜਥੇਬੰਦੀ ਦੀ ਮੀਟਿੰਗ ‘ਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਮੋਦੀ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨਗੇ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਸਤਪਾਲ ਸਿੰਘ ਮਿਰਜ਼ਾਪੁਰ, ਹਰਦੀਪ ਖੁੱਡਾ, ਬਲਬੀਰ ਸਿੰਘ ਸੋਹੀਆ ਅਮਰਜੀਤ ਸਿੰਘ ਚੌਲਾਂਗ, ਪ੍ਰਿਤਪਾਲ ਸਿੰਘ ਸੈਨਪੁਰ, ਦਵਿੰਦਰ ਸਿੰਘ ਮੂਨਕਾ, ਗੁਰਬਖਸ਼ ਸਿੰਘ ਨੀਲਾ, ਅਵਤਾਰ ਸਿੰਘ ਚੀਮਾ, ਬਲਬੀਰ ਸਿੰਘ ਚੀਮਾ,ਸੁੱਖਾ ਨੈਨੋਵਾਲ, ਕਾਲਾ ਬੈਂਚਾਂ, ਅਵਤਾਰ ਸਿੰਘ ਤਾਰੀ, ਮੰਤਰੀ ਜਾਜਾ, ਹਰਪ੍ਰੀਤ ਸਿੰਘ ਸੰਧਰ, ਮਨਦੀਪ ਸਿੰਘ ਆਦਿ ਸ਼ਾਮਲ ਸਨ।
News Credit :jagbani(punjabkesari)