Image Courtesy :jagbani(punjabkesar)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਇਕ ਪਿੰਡ ‘ਚ ਪੁਲਸ ਵਾਲੀ ਬੀਬੀ ਤੋਂ ਦੁਖੀ ਹੋ ਕੇ ਪਤੀ-ਪਤਨੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਵਲੋਂ ਵੀ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਗਈ ਹੈ। ਪੀੜਤ ਪਰਿਵਾਰ ਦਾ ਹਾਲ ਜਾਨਣ ਪੁੱਜੇ ਮਨਦੀਪ ਸਿੰਘ ਮੰਨਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਰੱਜ ਕੇ ਭੜਾਸ ਕੱਢੀ ਹੈ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਨਦੀਪ ਮੰਨਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪੁਲਸ ਨੇ ਸਾਡੀ ਰਾਖੀ ਕਰਨੀ ਹੈ ਉਸੇ ਤੋਂ ਦੁਖੀ ਹੋ ਕੇ ਇਕ ਪਰਿਵਾਰ ਦੇ ਦੋ ਜੀਆਂ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਉਹ ਦੋਵੇਂ ਆਪਣੇ ਪਿੱਛੇ 15 ਸਾਲ ਦੀ ਬੱਚੀ ਨੂੰ ਛੱਡ ਗਏ, ਜੋ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਨੇ ਮੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਸ ਨਾਲ ਗੱਲ ਕਰਨ ਤਾਂ ਜੋ ਉਹ ਉਨ੍ਹਾਂ ਤੋਂ ਇਨਸਾਫ਼ ਦੀ ਮੰਗ ਕਰ ਸਕੇ। ਅੱਜ 10 ਦਿਨ ਬੀਤ ਜਾਣ ਦੇ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਕੈਪਟਨ ਸਾਹਿਬ ਜੇ ਤੁਸੀਂ ਟਿਕ-ਟਾਕ ਸਟਾਰ ਨੂਰ ਦਾ ਫ਼ੋਨ ‘ਤੇ ਹਾਲ-ਚਾਲ ਪੁੱਛ ਸਕਦੇ ਹੋ ਤਾਂ ਜਿਸ ਬੱਚੀ ਨੇ ਆਪਣੇ ਮਾ-ਪਿਓ ਗਵਾਏ ਹਨ ਤੁਸੀਂ ਉਸ ਨਾਲ ਗੱਲ ਨਹੀਂ ਕਰ ਸਕਦੇ?’ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਕਾਫ਼ੀ ਸਮਝਦਾਰ ਹੋ ਇਹ ਉਮਰ ਤੁਹਾਡੀ ਫੂਕ ਛੱਕਣ ਦੀ ਨਹੀਂ। ਉਨ੍ਹਾਂ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਟਿੱਕ-ਟਾਰ ਸਟਾਰ ਨਾਲ ਗੱਲ ਕਰਨ ਦੀ ਸਗੋਂ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਹੈ।
ਪੀੜਤ ਬੱਚੀ ਨੇ ਕਿਹਾ ਕਿ ਪੁਲਸ ਵਲੋਂ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਖ਼ੁਦ ਨੂੰ ਕੁਝ ਕਰ ਲਵਾਂਗੇ। ਉਸ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਗੱਲ ਕਰਨ ਤਾਂ ਜੋ ਮੈਂ ਉਨ੍ਹਾਂ ਕੋਲੋਂ ਇਨਸਾਫ਼ ਦੀ ਗੁਹਾਰ ਲਗਾ ਸਕਾ।
News Credit :jagbani(punjabkesar)