Image Courtesy :jagbani(punjabkesari)

ਨਵੀਂ ਦਿੱਲੀ – ਕਿੰਗਜ਼ ਇਲੈਵਨ ਪੰਜਾਬ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਨੂੰ ਡਬਲ ਸੁਪਰ ਓਵਰ ਵਿੱਚ ਹਰਾਇਆ ਸੀ ਜਿਸ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕੈਂਪ ਵਿੱਚ ਖ਼ੁਸ਼ੀਆਂ ਪਰਤ ਆਈਆਂ। ਪ੍ਰੀਤੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਨੇ ਇਸ ਜਿੱਤ ਦਾ ਜਸ਼ਨ ਮਨਾਇਆ, ਅਤੇ ਉਸ ਨੇ ਇਸ ਜਿੱਤ ਨਾਲ ਆਪਣੇ ਕਈ ਆਲੋਚਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ। ਦਿਲਚਸਪ ਤਾਂ ਇਹ ਰਿਹਾ ਕਿ ਜਵਾਬ ਦੇਣ ਦੇ ਇਸ ਕ੍ਰਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸਲਮਾਨ ਖ਼ਾਨ ਦੇ ਛੇ ਸਾਲ ਪੁਰਾਣੇ ਸਵਾਲ ਨੂੰ ਵੀ ਲਪੇਟ ਲਿਆ।
ਜਿੱਤ ਤੋਂ ਬਾਅਦ ਕਿੰਗਸਜ਼ ਇਲੈਵਨ ਪੰਜਾਬ ਨੇ ਆਪਣੇ ਅਧਿਕਾਰਿਕ ਟਵਿਟਰ ਐਕਾਊਂਟ ਤੋਂ ਸਲਮਾਨ ਖ਼ਾਨ ਦੇ ਉਸ ਟਵੀਟ ਦਾ ਜਵਾਬ ਦਿੱਤਾ ਜੋ ਉਸ ਨੇ 2014 ਵਿੱਚ ਕੀਤਾ ਸੀ। ਸਲਮਾਨ ਖ਼ਾਨ ਨੇ ਛੇ ਸਾਲ ਪਹਿਲਾਂ ਇੱਕ ਟਵੀਟ ਕਰ ਕੇ ਸਵਾਲ ਕੀਤਾ ਸੀ ਕਿ ਕੀ ਜ਼ਿੰਟਾ ਦੀ ਟੀਮ ਜਿੱਤੀ? ਸਲਮਾਨ ਨੇ ਇਹ ਟਵੀਟ 28 ਮਈ 2014 ਨੂੰ ਕੀਤਾ ਸੀ। ਕਿੰਗਜ਼ ਇਲੈਵਨ ਨੇ ਇਸ ਟਵੀਟ ਦੇ ਜਵਾਬ ਵਿੱਚ 19 ਅਕਤੂਬਰ 2020 ਨੂੰ ਲਿਖਿਆ – ਯੈੱਸ!
ਦੱਸ ਦੇਈਏ ਕਿ ਕਿੰਗਜ ਇਲੈਵਨ ਪੰਜਾਬ ਨੇ IPL 2020 ਵਿੱਚ ਹੁਣ ਤਕ 10 ਮੈਚ ਖੇਡੇ ਹਨ। ਉਸ ਨੇ ਇਨ੍ਹਾਂ ਵਿੱਚੋਂ ਚਾਰ ਮੈਚ ਜਿੱਤੇ ਹਨ ਅਤੇ ਛੇ ਹਾਰੇ। ਵੈਸੇ ਇੱਥੇ ਹੀ ਬੱਸ ਨਹੀਂ। ਡਬਲ ਸੁਪਰ ਓਵਰ ‘ਚ ਜਿੱਤਣ ਮਗਰੋਂ ਮੰਗਲਵਾਰ ਨੂੰ ਹੋਏ ਮੈਚ ‘ਚ ਉਸ ਨੇ ਡੈਲੀ ਚੈਲੰਜਰਜ਼ ਨੂੰ ਵੀ ਪੰਜ ਵਿਕਟਾਂ ਨਾਲ ਇੱਕ ਓਵਰ ਰਹਿੰਦਿਆਂ ਹੀ ਹਰਾ ਦਿੱਤਾ। ਇਸ ਤਰ੍ਹਾਂ ਪੁਆਇੰਟ ਟੈਲੀ ਵਿੱਚ ਕਿੰਗਜ਼ ਇਲੈਵਨ ਦੇ ਹੁਣ 8 ਅੰਕ ਹਨ। ਉਹ ਪਲੇਔਫ਼ ਦੀ ਰੇਸ ਵਿੱਚ ਹਾਲੇ ਵੀ ਬਣੀ ਹੋਈ ਹੈ ਅਤੇ ਉਸ ਦਾ ਨੰਬਰ ਪੰਜਵਾਂ ਹੈ, ਪਰ ਸੈਮੀਫ਼ਾਈਨਲ ਤਕ ਪਹੁੰਚਣ ਲਈ ਉਸ ਨੂੰ ਆਪਣੇ ਬਾਕੀ ਬਚੇ ਚਾਰ ਵਿੱਚੋਂ ਘੱਟ ਤੋਂ ਘੱਟ ਤਿੰਨ ਜਿੱਤਣੇ ਹੋਣਗੇ।