Image Courtesy :jagbani(punjabkesari)

ਜਲੰਧਰ/ਗੋਰਾਇਆ — ਜੀ. ਐੱਨ. ਏ. ਦੇ ਮਾਲਕ ਦੇ ਬੇਟੇ ਵੱਲੋਂ ਦੇਰ ਰਾਤ ਖ਼ੁਦ ਨੂੰ ਗ਼ੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਪਿੰਡ ਵਿਰਕਾਂ ਦੇ ਰਹਿਣ ਵਾਲੇ ਜੀ. ਐੱਨ. ਏ. (ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼) ਦੇ ਮਾਲਕ ਜਗਦੀਸ਼ ਸਿੰਘ ਦੇ ਬੇਟੇ ਗੁਰਿੰਦਰ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਦੇਰ ਰਾਤ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਸਿਰ ‘ਚ ਗੋਲੀ ਮਾਰ ਲਈ।
ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਪਿਤਾ ਨਾਲ ਝਗੜਾ ਹੋਣ ਉਪਰੰਤ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਮੌਕੇ ‘ਤੇ ਪਰਿਵਾਰ ਵੱਲੋਂ ਤੁਰੰਤ ਉਨ੍ਹਾਂ ਨੂੰ ਜੌਹਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਡਾ. ਬੀ. ਐੱਸ. ਜੌਹਲ ਵੱਲੋਂ ਕੀਤੀ ਗਈ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੁਰਿੰਦਰ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਹੀ ਕੁਝ ਮਹੀਨੇ ਪਹਿਲਾਂ ਘਰ ‘ਚ ਹਵਾਈ ਫਾਇਰ ਕੀਤੇ ਸਨ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ‘ਚ ਦੋਸਾਂਝ ਕਲਾਂ ਦੇ ਇੰਚਾਰਜ ਚਰਨਜੀਤ ਸਿੰਘ ਦੇ ਸੰਪਰਕ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਰਾਤ 2 ਦੇ ਵਜੇ ਕਰੀਬ ਆਪਣੇ ਹੀ ਕਮਰੇ ‘ਚ ਗੁਰਿੰਦਰ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਜੌਹਲ ਹਸਪਤਾਲ ਜਲੰਧਰ ‘ਚ ਰੈਫਰ ਕਰ ਦਿੱਤਾ ਗਿਆ ਸੀ ਅਤੇ ਇਥੇ ਇਲਾਜ ਅਧੀਨ ਉਨ੍ਹਾਂ ਅੱਜ ਬਾਅਦ ਦੁਪਹਿਰ ਆਖਰੀ ਸਾਹ ਲਏ।
News Credit :jagbani(punjabkesari)