Image Courtesy :jagbani(punjabkesari)

ਲੁਧਿਆਣਾ : ਲੁਧਿਆਣਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਬੀਤੇ ਦਿਨੀਂ ਬਰਾਮਦ ਕੀਤੇ 4 ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਜੈਪੁਰ ਦੇ ਗੋਦਾਮ ‘ਚੋਂ ਫਿਰ ਕਰੋੜਾਂ ਦਾ ਨਸ਼ਾ ਬਰਾਮਦ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਨਸ਼ੇ ਦੇ ਇਸ ਨੈੱਟਵਰਕ ਦਾ ਲੁਧਿਆਣਾ ਪੁਲਸ ਅਤੇ ਐਂਟੀਨਾਰਕੋਟਿਕ ਸੈੱਲ ਵੱਲੋਂ ਸਾਂਝੇ ਤੌਰ ‘ਤੇ ਚਲਾਈ ਮੁਹਿੰਮ ਤੋਂ ਬਾਅਦ ਪਰਦਾਫਾਸ਼ ਹੋਇਆ ਹੈ ਅਤੇ ਇਸ ਸਬੰਧੀ ਪੁਲਸ ਪਹਿਲਾਂ ਹੀ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਜੈਪੁਰ ‘ਚ ਵਰਿੰਦਰ ਸਿੰਘ ਉਰਫ਼ ਰਿੰਕੂ ਨਾਂ ਦੇ ਮੁਲਜ਼ਮ ਤੋਂ ਇਸ ਖੇਪ ਦੀ ਬਰਾਮਦਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਬਰਾਮਦਗੀ ਦੌਰਾਨ 76920 ਸੀਰਪ, 10 ਲੱਖ 20 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 14 ਹਜ਼ਾਰ 400 ਟੀਕੇ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ 13 ਹਜ਼ਾਰ ਟਰਾਮਾਡੋਲ ਦੇ ਕੈਪਸੂਲ ਅਤੇ ਕੈਮੀਕਲ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਕੁੱਲ ਮਿਲਾ ਕੇ ਇਨ੍ਹਾਂ ਨਸ਼ਿਆਂ ਦੀ ਬਾਜ਼ਾਰੀ ਕੀਮਤ 6 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਤੋਂ ਹੋਰ ਵੀ ਵੱਡੇ ਖ਼ੁਲਾਸੇ ਹੋ ਸਕਦੇ ਹਨ।
News Credit :jagbani(punjabkesari)