Image Courtesy :jagbani(punjabkesari)

ਨੈਸ਼ਨਲ ਡੈਸਕ- ਭਾਰਤ ਨੇ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ‘ਚ ਪਾਕਿਸਤਾਨ ਦੀ ਭੂਮਿਕਾ ਬਾਰੇ ਪੂਰਾ ਵਿਸ਼ਵ ਜਾਣਦਾ ਹੈ ਅਤੇ ਉਹ ਚਾਹੇ ਜਿੰਨਾ ਵੀ ਇਨਕਾਰ ਕਰ ਲਵੇ ਪਰ ਸੱਚਾਈ ਲੁੱਕ ਨਹੀਂ ਸਕਦੀ ਹੈ। ਭਾਰਤ-ਅਮਰੀਕਾ ਦਰਮਿਆਨ ‘ਟੂ ਪਲਸ ਟੂ’ ਵਾਰਤਾ ਤੋਂ ਬਾਅਦ ਜਾਰੀ ਸੰਯੁਕਤ ਬਿਆਨ ‘ਚ ਪਾਕਿਸਤਾਨ ਬਾਰੇ ਅਤੇ ਸਰਹੱਦ ਪਾਰ ਤੋਂ ਅੱਤਵਾਦ ਦਾ ਜ਼ਿਕਰ ਕੀਤੇ ਜਾਣ ‘ਤੇ ਇਸਲਾਮਾਬਾਦ ਦੀ ਨਾਰਾਜ਼ਗੀ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਭਾਰਤ ਨੇ ਇਹ ਕਿਹਾ।
ਪੂਰੀ ਦੁਨੀਆ ਜਾਣਦੀ ਹੈ ਪਾਕਿਸਤਾਨ ਦੀ ਸੱਚਾਈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਜੋ ਦੇਸ਼ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨ ਕੀਤੇ ਗਏ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਪਨਾਹ ਦਿੰਦਾ ਹੈ, ਉਸ ਨੂੰ ਖ਼ੁਦ ਨੂੰ ਪੀੜਤ ਦੱਸਣ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਭਾਰਤ-ਅਮਰੀਕਾ ਸੰਯੁਕਤ ਬਿਆਨ ਨੂੰ ਲੈ ਕੇ ਪਾਕਿਸਤਾਨ ਦੀ ਪ੍ਰਤੀਕਿਰਿਆ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਪ੍ਰੈੱਸ ਵਾਰਤਾ ‘ਚ ਕਿਹਾ ਕਿ ਅੱਵਤਾਦ ਦਾ ਸਮਰਥਨ ਕਰਨ ‘ਚ ਪਾਕਿਸਤਾਨ ਦੀ ਭੂਮਿਕਾ ਬਾਰੇ ਪੂਰਾ ਵਿਸ਼ਵ ਸੱਚਾਈ ਨੂੰ ਜਾਣਦਾ ਹੈ। ਇੱਥੇ ਤੱਕ ਕਿ ਉਸ ਦੇ ਨੇਤਾਵਾਂ ਨੇ ਵੀ ਅੱਤਵਾਦ ਦੇ ਸਿਲਸਿਲੇ ‘ਚ ਆਪਣੀ ਭੂਮਿਕਾ ਬਾਰੇ ਵਾਰ-ਵਾਰ ਬੋਲਿਆ ਹੈ।
ਬਿਆਨ ‘ਚ ਕੀਤੀ ਗਈ ਅੱਤਵਾਦ ਦੀ ਸਖਤ ਨਿੰਦਾ
ਭਾਰਤ ਅਤੇ ਅਮਰੀਕਾ ਨੇ ਸੰਯੁਕਤ ਬਿਆਨ ‘ਚ ਸਰਹੱਦ ਪਾਰ ਤੋਂ ਹੋਣ ਵਾਲੇ ਸਾਰੇ ਤਰ੍ਹਾਂ ਦੇ ਅੱਤਵਾਦ ਦੀ ਸਖਤ ਨਿੰਦਾ ਕੀਤੀ ਸੀ। ਨਾਲ ਹੀ, ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਇਸ ਨੂੰ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਕਿ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦਾ ਇਸਤੇਮਾਲ ਅੱਤਵਾਦੀ ਹਮਲਿਆਂ ਲਈ ਨਹੀਂ ਕੀਤਾ ਜਾਵੇਗਾ। ਸੰਯੁਕਤ ਬਿਆਨ ‘ਚ ਆਪਣੇ ਦੇਸ਼ ਦਾ ਜ਼ਿਕਰ ਕੀਤੇ ਜਾਣ ਨੂੰ ਪਾਕਿਸਤਾਨ ਨੇ ਬੁੱਧਵਾਰ ਨੂੰ ਅਣਚਾਹਿਆਂ ਕਰਾਰ ਦਿੱਤਾ ਸੀ। ਵਿਦੇਸ਼ ਦਫ਼ਤਰ ਨੇ ਆਪਣੀ ਪ੍ਰਤੀਕਿਰਿਆ ‘ਚ ਕਿਹਾ ਸੀ ਕਿ ਸੰਯੁਕਤ ਬਿਆਨ ‘ਚ ਅਸੀਂ ਪਾਕਿਸਤਾਨ ਦਾ ਜ਼ਿਕਰ ਕੀਤੇ ਜਾਣ ਨੂੰ ਅਣਚਾਹਿਆ ਅਤੇ ਉਲਝਾਉਣ ਵਾਲਾ ਕਰਾਰ ਦਿੰਦੇ ਹੋਏ ਖਾਰਜ ਕਰਦੇ ਹਾਂ।
News Credit :jagbani(punjabkesari)