Image Courtesy :jagbani(punjabkesari)

ਚੰਡੀਗੜ੍ਹ (ਕੁਲਦੀਪ) : ਹਥਿਆਰਾਂ ਨਾਲ ਲੈਸ ਹੋ ਕੇ ਹੈਲੋਵੀਨ ਪਾਰਟੀ ‘ਚ ਸ਼ਾਮਲ ਹੋਣ ਆ ਰਹੇ 2 ਕਾਰਾਂ ‘ਚ ਸਵਾਰ 3 ਲੋਕਾਂ ਨੂੰ ਸੈਕਟਰ-17 ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਮੁਲਜ਼ਮਾਂ ‘ਚ ਬਠਿੰਡਾ ਯੂਥ ਕਾਂਗਰਸ ਦਾ ਪ੍ਰਧਾਨ ਲਖਵਿੰਦਰ ਸਿੰਘ ਵਾਸੀ ਗਣੇਸ਼ ਬਸਤੀ, ਮਾਨਸਾ ਵਾਸੀ ਅੰਮ੍ਰਿਤਪਾਲ ਅਤੇ ਬਠਿੰਡਾ ਵਾਸੀ ਹਰਪ੍ਰੀਤ ਸਿੰਘ ਸ਼ਾਮਲ ਹਨ। ਪੁਲਸ ਨੂੰ ਲਖਵਿੰਦਰ ਤੋਂ ਪਿਸਤੌਲ, 7 ਕਾਰਤੂਸ, ਅੰਮ੍ਰਿਤਪਾਲ ਕੋਲੋਂ ਦੇਸੀ ਪਿਸਤੌਲ, ਪੰਜ ਕਾਰਤੂਸ ਅਤੇ ਹਰਪ੍ਰੀਤ ਸਿੰਘ ਤੋਂ 7 ਕਾਰਤੂਸ ਬਰਾਮਦ ਹੋਏ ਹਨ।
ਸੈਕਟਰ-17 ਥਾਣਾ ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ। ਪੁਲਸ ਨੇ ਮੁਲਜ਼ਮਾਂ ਤੋਂ ਬਰਾਮਦ ਹਥਿਆਰਾਂ ਬਾਰੇ ਪਤਾ ਕਰਨ ਲਈ ਅਦਾਲਤ ਤੋਂ ਪੁਲਸ ਰਿਮਾਂਡ ਮੰਗਿਆ। ਅਦਾਲਤ ਨੇ ਲਖਵਿੰਦਰ ਨੂੰ ਇਕ ਦਿਨ ਦੇ ਅਤੇ ਅੰਮ੍ਰਿਤਪਾਲ ਅਤੇ ਹਰਪ੍ਰੀਤ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਗੱਡੀ ਭਜਾਉਣ ਦੀ ਕੋਸ਼ਿਸ਼
ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਦੀ ਅਗਵਾਈ ‘ਚ ਏ. ਐੱਸ. ਆਈ. ਤਜਿੰਦਰ ਸਿੰਘ ਨੇ ਸ਼ਨੀਵਾਰ ਰਾਤ 11.30 ਵਜੇ ਸ਼ਹਿਰ ‘ਚ ਹੋ ਚੁੱਕੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਸੈਕਟਰ-17 ਸਥਿਤ ਟੀ. ਡੀ. ਆਈ. ਮਾਲ ਕੋਲ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ। ਨਾਕੇ ’ਤੇ ਪੁਲਸ ਟੀਮ ਨੂੰ ਸਮਾਰਟ ਸਿਟੀ ਦਫ਼ਤਰ ਵੱਲੋਂ ਸਫੈਦ ਰੰਗ ਦੀ ਸਕਾਰਪੀਓ ਕਾਰ ਆਉਂਦੀ ਦਿਖਾਈ ਦਿੱਤੀ।
ਪੁਲਸ ਨਾਕਾ ਦੇਖ ਕੇ ਕਾਰ ਚਾਲਕ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗਾ। ਨਾਕੇ ’ਤੇ ਖੜ੍ਹੇ ਪੁਲਸ ਜਵਾਨਾਂ ਨੇ ਕਾਰ ਨੂੰ ਬੈਰੀਕੇਡਸ ਦੀ ਮਦਦ ਨਾਲ ਰੋਕਿਆ। ਪੁਲਸ ਨੇ ਕਾਰ ਚਾਲਕ ਲਖਵਿੰਦਰ ਨੂੰ ਫੜ੍ਹ ਕੇ ਗੱਡੀ ਤੋਂ ਬਾਹਰ ਕੱਢ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਫੜ੍ਹਿਆ ਗਿਆ ਮੁਲਜ਼ਮ ਮਠਿਆਈ ਦੀ ਦੁਕਾਨ ਅਤੇ ਮਲੋਟ ‘ਚ ਟਾਈਲਾਂ ਦੀ ਫੈਕਟਰੀ ਚਲਾਉਂਦਾ ਹੈ। ਉਹ ਚੰਡੀਗੜ੍ਹ ਦੇ ਸੈਕਟਰ-17 ਦੇ ਇਕ ਡਿਸਕੋਥੈੱਕ ‘ਚ ਹੈਲੋਵੀਨ ਪਾਰਟੀ ‘ਚ ਸ਼ਾਮਲ ਹੋਣ ਆਇਆ ਸੀ।
News Credit :jagbani(punjabkesari)