Image Courtesy :jagbani(punjabkesari)

ਜੈਪੁਰ- ਰਾਜਸਥਾਨ ਦਾ ਗੁੱਜਰ ਰਾਖਵਾਂਕਰਨ ਅੰਦੋਲਨ ਮੁੜ ਸ਼ੁਰੂ ਹੋ ਗਿਆ ਹੈ। ਭਰਤਪੁਰ ਦੇ ਬਿਆਨਾ ‘ਚ ਕਰਨਲ ਕਿਰੋੜੀ ਸਿੰਘ ਬੈਂਸਲਾ ਧਿਰ ਦੇ ਲੋਕ ਪੀਲੂਪੁਰਾ ਕੋਲ ਰੇਲਵੇ ਟਰੈਕ ‘ਤੇ ਧਰਨੇ ‘ਤੇ ਬੈਠ ਗਏ। ਸਵੇਰ ਤੋਂ ਉਨ੍ਹਾਂ ਦਾ ਧਰਨਾ ਜਾਰੀ ਹੈ। ਇਸ ਵਿਚ ਸਰਕਾਰ ਨੇ 6 ਜ਼ਿਲ੍ਹਿਆਂ ‘ਚ ਅੱਧੀ ਰਾਤ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਸੀ। ਧਰਨੇ ਕਾਰਨ 60 ਟਰੇਨਾਂ ਡਾਇਵਰਟ ਕਰ ਦਿੱਤੀਆਂ ਗਈਆਂ ਹਨ। 220 ਬੱਸਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਉੱਥੇ ਹੀ ਕੋਟਾ ਡਿਵੀਜ਼ਨ ਦੇ ਹਿੰਡੌਨ ਸਿਟੀ-ਬਿਆਨਾ ਦਰਮਿਆਨ ਗੁੱਜਰ ਅੰਦੋਲਨ ਕਾਰਨ ਰੇਲਵੇ ਟਰੈਕ ਰੁਕਣ ਕਾਰਨ ਕਈ ਟਰੇਨਾਂ ਆਪਣੇ ਤੈਅ ਮਾਰਗ ਦੀ ਬਜਾਏ ਬਦਲਵੇਂ ਮਾਰਗ ਤੋਂ ਚਲਾਈਆਂ ਜਾ ਰਹੀਆਂ ਹਨ।
ਸਰਕਾਰ ਇੱਥੇ ਆ ਕੇ ਕਰੇ ਗੱਲ
ਅੰਦੋਲਨਕਾਰੀਆਂ ਦਾ ਕਹਿਣਾ ਹੈ ਕਿ ਹੁਣ ਵਫ਼ਦ ਸਰਕਾਰ ਨਾਲ ਗੱਲਬਾਤ ਕਰਨ ਕਿਤੇ ਨਹੀਂ ਜਾਵੇਗਾ। ਜੇਕਰ ਸਰਕਾਰ ਨੇ ਗੱਲ ਕਰਨਾ ਚਾਹੁੰਦੀ ਹੈ ਤਾਂ ਉਹ ਇੱਥੇ ਆ ਕੇ ਸਾਡੇ ਨਾਲ ਇੱਥੇ ਪੱਟੜੀਆਂ ‘ਤੇ ਮਿਲ ਸਕਦੇ ਹਨ। ਅੰਦੋਲਨ ਨੂੰ ਲੈ ਕੇ ਸੂਬੇ ‘ਚ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਭਾਰੀ ਪੁਲਸ ਫੋਰਸ ਹੋਣ ਦੇ ਬਾਵਜੂਦ ਪੁਲਸ ਅਤੇ ਪ੍ਰਸ਼ਾਸਨ ਅਸਹਾਏ ਸਥਿਤੀ ‘ਚ ਨਜ਼ਰ ਆ ਰਿਹਾ ਹੈ।
ਦੱਸਣਯੋਗ ਹੈ ਕਿ ਐਤਵਾਰ ਨੂੰ ਸ਼ੁਰੂ ਹੋਏ ਅੰਦੋਲਨ ਦੌਰਾਨ ਭੀੜ ਨੇ ਦਿੱਲੀ-ਮੁੰਬਈ ਰੇਲਵੇ ਟਰੈਕ ‘ਤੇ ਕਬਜ਼ਾ ਕਰਨ ਤੋਂ ਬਾਅਦ ਡੂਮਰੀਆ ਅਤੇ ਫਤਿਹਸਿੰਘਪੁਰਾ ਰੇਲਵੇ ਸਟੇਸ਼ਨਾਂ ਦਰਮਿਆਨ ਪੱਟੜੀਆਂ ਦੀ ਫਿਸ਼ ਪਲੇਟ ਉਖਾੜ ਦਿੱਤੀ। ਕਰੀਬ ਇਕ ਕਿਲੋਮੀਟਰ ਦੇ ਰੇਲਵੇ ਟਰੈਕ ਦੀ ਫਿਸ਼ ਪਲੇਟ ਉਖਾੜ ਦਿੱਤੀ ਗਈ ਸੀ। ਨਾਲ ਹੀ ਭਰਤਪੁਰ ਦੇ ਆਗਰਾ-ਜੈਪੁਰ ਰਾਸ਼ਟਰੀ ਰਾਜਮਾਰਗ ਸੰਖਿਆ 21 ਨਾਲ ਬਿਆਨਾ-ਹਿੰਡੌਨ ਮਾਰਗ ਨੂੰ ਵੀ ਰੋਕ ਦਿੱਤਾ ਹੈ। ਰਾਜ ਦੇ ਨੌਜਵਾਨ ਅਤੇ ਖੇਡ ਮੰਤਰੀ ਅਸ਼ੋਕ ਚਾਂਦਨਾ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਨੂੰ ਮਿਲਣ ਐਤਵਾਰ ਰਾਤ ਹਿੰਡੌਨ ਪਹੁੰਚੇ ਸਨ, ਹਾਲਾਂਕਿ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਗੁੱਜਰਾਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਸ਼ਨੀਵਾਰ ਨੂੰ ਜੈਪੁਰ ‘ਚ ਸਰਕਾਰ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਦੋਹਾਂ ਪੱਖਾਂ ‘ਚ 14 ਬਿੰਦੂਆਂ ‘ਤੇ ਸਹਿਮਤੀ ਬਣੀ ਸੀ ਪਰ ਕਰਨਲ ਬੈਂਸਲਾ ਇਸ ‘ਚ ਸ਼ਾਮਲ ਨਹੀਂ ਹੈ। ਇਸ ਵਿਚ ਰੇਲਵੇ ਨੇ ਰਾਜਸਥਾਨ ਦੇ ਬਿਆਨ ‘ਚ ਗੁੱਜਰ ਅੰਦੋਲਨ ਨੂੰ ਦੇਖਦੇ ਹੋਏ ਕਈ ਟਰੇਨਾਂ ਦਾ ਮਾਰਗ ਬਦਲ ਦਿੱਤਾ ਹੈ।
News Credit :jagbani(punjabkesari)