Image Courtesy :jagbani(punjabkesari)

ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਪੱਤਰਕਾਰ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਨੂੰ ‘ਸੱਤਾ ਦੀ ਖੁੱਲ੍ਹਮ-ਖੁੱਲ੍ਹਾ ਦੁਰਵਰਤੋਂ’ ਕਰਾਰ ਦਿੱਤਾ। ਉਨ੍ਹਾਂ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲੇ ਦਾ ਵਿਰੋਧ ਹੋਣਾ ਚਾਹੀਦਾ ਹੈ। ਸ਼ਾਹ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਕ ਵਾਰ ਫਿਰ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ ਅਤੇ ਅੱਜ ਦੀ ਘਟਨਾ ਨੇ ਉਨ੍ਹਾਂ ਨੂੰ ਐਮਰਜੈਂਸੀ ਦੀ ਯਾਦ ਦਿਵਾ ਦਿੱਤੀ। ਦੱਸ ਦੇਈਏ ਕਿ ਪੁਲਸ ਨੇ 53 ਸਾਲ ਦੇ ਇਕ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਅਰਨਬ ਗੋਸਵਾਮੀ ਨੂੰ ਸਵੇਰੇ ਉਨ੍ਹਾਂ ਦੇ ਮੁੰਬਈ ਸਥਿਤ ਘਰ ‘ਚੋਂ ਗ੍ਰਿਫ਼ਤਾਰ ਕੀਤਾ ਸੀ।
ਸ਼ਾਹ ਨੇ ਟਵੀਟ ਕਰ ਕੇ ਦੋਸ਼ ਲਾਇਆ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਇਕ ਵਾਰ ਫਿਰ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ। ਰਿਪਬਲਿਕ ਟੀ. ਵੀ. ਅਤੇ ਅਰਨਬ ਗੋਸਵਾਮੀ ਖ਼ਿਲਾਫ਼ ਸੱਤਾ ਦੀ ਖੁੱਲਮ-ਖੁੱਲ੍ਹਾ ਦੁਰਵਰਤੋਂ ਆਜ਼ਾਦੀ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦੇ ਥੰਮ੍ਹ ‘ਤੇ ਹਮਲਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਘਟਨਾ ਐਮਰਜੈਂਸੀ ਦੀ ਯਾਦ ਦਿਵਾਉਂਦੀ ਹੈ। ਪ੍ਰੈੱਸ ਦੀ ਆਜ਼ਾਦੀ ‘ਤੇ ਇਸ ਹਮਲੇ ਦਾ ਵਿਰੋਧ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਵਿਰੋਧ ਕੀਤਾ ਜਾਵੇਗਾ।
News Credit :jagbani(punjabkesari)