Image Courtesy :jagbani(punjabkesari)

ਜਲੰਧਰ— ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਵੱਡੇ ਸ਼ਬਦੀ ਵਾਰ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਰਬਨ ਨਕਸਲ ਦੇ ਇਸ਼ਾਰਿਆਂ ‘ਤੇ ਪੰਜਾਬ ਨੂੰ ਬਰਬਾਦ ਕਰਨ ‘ਤੇ ਲੱਗੀ ਹੋਈ ਹੈ ਅਤੇ ਕੈਪਟਨ ਸਾਬ੍ਹ ਪੰਜਾਬ ਨੂੰ ਅਰਾਜਕਤਾ ਵੱਲ ਲੈ ਕੇ ਜਾ ਰਹੇ ਹਨ। ਕੈਪਟਨ ‘ਤੇ ਵੱਡੇ ਦੋਸ਼ ਲਾਉਂਦੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਦੇ ਵਰਕਰ ਹੀ ਹਿੰਸਾ ਨੂੰ ਭੜਕਾ ਰਹੇ ਹਨ ਅਤੇ ਕਿਸਾਨੀ ਅੰਦੋਲਨ ਨੂੰ ਵੀ ਹਿੰਸਾ ਵੱਲ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਕਹਿ ਰਹੇ ਹਨ ਕਿ ਰੇਲ ਟਰੈਕ ‘ਤੇ ਬੈਠੇ ਕਿਸਾਨਾਂ ‘ਤੇ ਉਨ੍ਹਾਂ ਦਾ ਵੱਸ ਨਹੀਂ ਚੱਲਦਾ, ਜੋ ਸ਼ਬਦ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਸਰਕਾਰ ਬਾਰੇ ਇਸਤੇਮਾਲ ਕੀਤੇ ਹਨ, ਉਹ ਬੇਹੱਦ ਗਲਤ ਹਨ।
ਤਰੁਣ ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਗਾਉਂਦੇ ਕਿਹਾ ਕਿ ਪੰਜਾਬ ਨੂੰ ਆਰਥਿਕ ਨਾਕਾਬੰਦੀ ਵੱਲ ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਜਾ ਰਹੇ ਹਨ। ਪੰਜਾਬ ਦੇ ਅੰਦਰ ਰੇਲ ਗੱਡੀਆਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਰੁਕਵਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਕਿਸਾਨਾਂ ਦਾ ਪਹਿਲਾ ਧਰਨਾ 21 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ‘ਚ ਕੀਤਾ ਗਿਆ ਅਤੇ ਮੰਤਰੀਆਂ ਵੱਲੋਂ ਧਰਨੇ ‘ਤੇ ਬੈਠ ਕੇ ਇਸ ਅੰਦੋਲਨ ਨੂੰ ਹੋਰ ਭਖਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਉਸੇ ਅੰਦੋਲਨ ਨੂੰ ਦਿੱਲੀ ਵੱਲ ਲਿਜਾ ਕੇ ਇਕ ਹੋਰ ਰੂਪ ਦਿੱਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣ ‘ਤੇ ਕਿ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ‘ਤੇ ਬੋਲਦੇ ਹੋਏ ਤਰੁਣ ਚੁੱਘ ਕੈਪਟਨ ਨੂੰ ਪੁੱਛਦੇ ਕਿਹਾ ਕਿ ਕੀ ਉਨ੍ਹਾਂ ਨੂੰ ਪੰਜਾਬ ਦੇ 117 ਵਿਧਾਇਕਾਂ ਦੇ ਨਾਂ ਯਾਦ ਹਨ ਅਤੇ ਕੀ ਉਹ ਸਾਰੇ ਤੁਹਾਡੀ ਕੋਠੀ ‘ਤੇ ਕਦੇ ਆਏ ਹਨ। ਤੁਹਾਡੀ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਮੰਤਰੀ ਇਹ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਹੀ ਪੰਜਾਬ ਦੇ 32 ਰੇਲਵੇ ਸਟੇਸ਼ਨ ‘ਤੇ ਰੇਲਵੇ ਪੱਟੜੀਆਂ ‘ਤੇ ਭੋਲੇ-ਭਾਲੇ ਕਿਸਾਨਾਂ ਨੂੰ ਧਰਨਿਆਂ ‘ਤੇ ਬਿਠਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਨੂੰ ਹਾਈਜੈੱਕ ਕਰਨਾ ਚਾਹੁੰਦੇ ਹਨ, ਕਰਨ ਪਰ ਇਸ ਅੰਦੋਲਨ ਨੂੰ ਖ਼ਰਾਬ ਨਾ ਕੀਤਾ ਜਾਵੇ।
ਕੈਪਟਨ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਨਾਲ ਕੀਤਾ ਜਾ ਰਿਹੈ ਖ਼ਿਲਵਾੜ
ਅੱਗੇ ਬੋਲਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਸਾਬ੍ਹ ਇਸ ਅੰਦੋਲਨ ਦਾ ਕ੍ਰੇਡਿਟ ਲੈਣ ਦੀ ਵਾਰ ‘ਚ ਪੰਜਾਬ ‘ਚ ਅਮਨ ਸ਼ਾਂਤੀ ਨਾਲ ਖ਼ਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਉਤਸਵ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਸਹਿਰੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ ਪਰ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਚੁੱਪ ਰਹੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਰਾਵਣ ਦੱਸਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਆਲ ਇੰਡੀਆ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਬਿਆਨ ਜਾਰੀ ਕਰਕੇ ਲੋਕਾਂ ਨੂੰ ਉਕਸਾਇਆ ਗਿਆ ਕਿ ਰਾਵਨ ਦੇ ਪੁਤਲਿਆਂ ‘ਤੇ ਮੋਦੀ ਦੇ ਪੁਤਲੇ ਲਾਏ ਜਾਣ ਪਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।
ਉਥੇ ਹੀ ਰਵਨੀਤ ਬਿੱਟੂ ਵੱਲੋਂ ਸਾਰੇ ਹਮਲਿਆਂ ਦੀ ਜ਼ਿੰਮੇਵਾਰੀ ਲੈਣ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸੀ ਯੂਥ ਦੇ ਲੋਕਾਂ ਵੱਲੋਂ ਦੋ ਟਰੈਕਟ ਸਾੜ ਦਿੱਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਹਮਲਾ ਕਰਵਾਉਣ ਦੇ ਨਾਲ-ਨਾਲ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਦਫ਼ਤਰਾਂ ‘ਤੇ ਵੀ ਹਮਲੇ ਕੀਤੇ ਗਏ ਪਰ ਕੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਕੀਤੀ? ਉਨ੍ਹਾਂ ਕਿਹਾ ਕਿ ਅਰਬਨ ਨਕਸਲ ਦੇ ਨਾਲ ਮਿਲ ਕੇ ਪੰਜਾਬ ਦੇ ਬੇੜਾ ਗਰਕ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਉਂ ਨਹੀਂ ਕੋਈ ਵੀ ਪਰਚਾ ਦਰਜ ਕੀਤਾ ਗਿਆ।
News Credit :jagbani(punjabkesari)