ਨਵੀਂ ਦਿੱਲੀ – ਕ੍ਰਿਕਟ ਦੇ ਇਤਿਹਾਸ ‘ਚ ਇੱਕ ਵੱਡਾ ਰਿਕਾਰਡ ਟੁੱਟ ਗਿਆ ਹੈ। ਆਸਟਰੇਲੀਆ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਸ਼ੈੱਫ਼ੀਲਡ ਸ਼ੀਲਡ ‘ਚ ਇਹ ਕਾਰਨਾਮਾ ਕੀਤਾ ਗਿਆ ਹੈ। ਸ਼ੈੱਫ਼ੀਲਡ ਸ਼ੀਲਡ ਟੂਰਨਾਮੈਂਟ ‘ਚ ਵਿਕਟੋਰੀਆ ਲਈ ਮਾਰਕਸ ਹੈਰਿਸ ਅਤੇ ਵਿਲ ਪੁਕੋਵਸਕੀ ਨੇ ਦੱਖਣੀ ਆਸਟਰੇਲੀਆ ਵਿਰੁੱਧ ਮੈਚ ਦੌਰਾਨ ਪਹਿਲੇ ਵਿਕਟ ਦੇ ਲਈ 486 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਇਸ ਟੂਰਨਾਮੈਂਟ ‘ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਮਾਰਕਸ ਹੈਰਿਸ ਅਤੇ ਵਿਲ ਪੁਕੋਵਸਕੀ ਨੇ ਅਜਿਹਾ ਕਰ ਕੇ ਮਾਰਕ ਵਾਅ ਅਤੇ ਸਟੀਵ ਵਾਅ ਦੀ ਜੋੜੀ ਵਲੋਂ ਬਣਾਇਆ ਗਿਆ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਦੋਵਾਂ ਸਾਬਕਾ ਆਸਟਰੇਲੀਆਈ ਦਿੱਗਜਾਂ ਨੇ ਸਾਲ 1990 ‘ਚ ਨਿਊ ਸਾਊਥ ਵੇਲਜ਼ ਵਲੋਂ ਖੇਡਦੇ ਹੋਏ ਵੈੱਸਟਰਨ ਆਸਟਰੇਲੀਆ ਵਿਰੁੱਧ ਪੰਜਵੇਂ ਵਿਕਟ ਦੇ ਲਈ 464 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸੀ। ਦੱਸ ਦੇਈਏ ਕਿ ਸਾਊਥ ਆਸਟਰੇਲੀਆ ਵਿਰੁੱਧ ਮੈਚ ਦੌਰਾਨ ਮਾਰਕਸ ਹੈਰਿਸ ਨੇ 399 ਗੇਂਦਾਂ ‘ਤੇ 239 ਦੌੜਾਂ ਬਣਾਈਆਂ ਤਾਂ ਪੁਕੋਵਸਕੀ ਨੇ 255 ਦੌੜਾਂ ਦੀ ਮੈਰੇਥੌਨ ਪਾਰੀ ਖੇਡ ਕੇ ਇਸ ਰਿਕਾਰਡ ਨੂੰ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।
ਇਸ ਮੈਚ ‘ਚ ਸਾਊਥ ਆਸਟਰੇਲੀਆ ਨੇ ਟੌਸ ਜਿੱਤਿਆ ਸੀ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ। ਵਿਕਟੋਰੀਆ ਦੇ ਗੇਂਦਬਾਜ਼ਾਂ ਨੇ ਕਮਾਲ ਕਰਦੇ ਹੋਏ ਸਿਰਫ਼ 200 ਦੌੜਾਂ ‘ਤੇ ਹੀ ਢੇਰ ਕਰ ਦਿੱਤਾ। ਉਸ ਤੋਂ ਬਾਅਦ ਜਦੋ ਵਿਕਟੋਰੀਆ ਦੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਮਾਰਕਸ ਹੈਰਿਸ ਅਤੇ ਵਿਲ ਨੇ ਮਿਲ ਕੇ ਮੈਰਾਥੌਨ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਆਪਣੀ ਬੱਲੇਬਾਜ਼ੀ ਨਾਲ ਕ੍ਰਿਕਟ ਦੇ ਇਤਿਹਾਸ ‘ਚ ਇੱਕ ਨਵਾਂ ਕਾਰਨਾਮਾ ਕਰ ਦਿਖਾਇਆ ਹੈ। ਮਾਰਕਸ ਨੇ 239 ਦੌੜਾਂ ਦੀ ਪਾਰੀ ‘ਚ 28 ਚੌਕੇ ਅਤੇ ਇੱਕ ਛੱਕਾ ਲਗਾਇਆ ਤਾਂ ਪੁਕੋਵਸਕੀ ਨੇ 255 ਦੌੜਾਂ ਦੀ ਪਾਰੀ ‘ਚ 27 ਚੌਕੇ ਅਤੇ ਇੱਕ ਛੱਕਾ ਲਗਾਇਆ।
ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਬਾਰੇ ਗੱਲ ਕਰੀਏ ਤਾਂ ਇਹ ਰਿਕਾਰਡ ਸ਼੍ਰੀ ਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰਾ ਅਤੇ ਮਹੇਲਾ ਜੈਵਰਧਨੇ ਦੇ ਨਾਂ ਹੈ। ਦੋਹਾਂ ਨੇ ਮਿਲ ਕੇ ਦੱਖਣੀ ਅਫ਼ਰੀਕਾ ਵਿਰੁੱਧ ਸਾਲ 2006 ‘ਚ ਤੀਜੇ ਵਿਕਟ ਦੇ ਲਈ 624 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।