Image Courtesy :jagbani(punjabkesar)

ਅਹਿਮਦਾਬਾਦ — ਗੋਦਾਮ ‘ਚ ਰੱਖੇ ਰਸਾਇਣ ‘ਚ ਧਮਾਕਾ ਹੋਣ ਨਾਲ 12 ਮਜ਼ਦੂਰਾਂ ਦੀ ਮੌਤ ਦੀ ਘਟਨਾ ਦੇ ਇਕ ਦਿਨ ਬਾਅਦ ਅਹਿਮਦਾਬਾਦ ਪੁਲਸ ਨੇ ਵੀਰਵਾਰ ਨੂੰ ਗੋਦਾਮ ਮਾਲਕ ਅਤੇ ਕਿਰਾਏਦਾਰ ਨੂੰ ਸੰਮਨ ਭੇਜ ਕੇ ਤਲਬ ਕੀਤਾ ਹੈ। ਘਟਨਾ ਦੀ ਜਾਂਚ ਕਰ ਰਹੀ ਪੁਲਸ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਰਾਂ ਦੀ ਟੀਮ ਨਾਲ ਅੱਜ ਸਵੇਰੇ ਮੌਕੇ ‘ਤੇ ਪੁੱਜੀ। ਪੁਲਸ ਡਿਪਟੀ ਕਮਿਸ਼ਨਰ ਏ. ਐੱਮ. ਮੁਨੀਆ ਨੇ ਕਿਹਾ ਕਿ ਘਟਨਾ ਦੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਦੱਸ ਦੇਈਏ ਕਿ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਪਿਰਾਨਾ-ਪਿਪਲਾਜ ਰੋਡ ‘ਤੇ ਸਥਿਤ ਇਕ ਗੋਦਾਮ ਵਿਚ ਰੱਖੇ ਰਸਾਇਣ ‘ਚ ਬੁੱਧਵਾਰ ਦੀ ਸਵੇਰ ਨੂੰ ਧਮਾਕਾ ਹੋਣ ਕਾਰਨ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ। ਘਟਨਾ ‘ਚ 5 ਜਨਾਨੀਆਂ ਸਮੇਤ 12 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਗੋਦਾਮ ਦੇ ਮਾਲਕ ਦਾ ਨਾਂ ਬੂਟਾ ਭਾਰਵਾੜ ਹੈ। ਉਹ ਗੋਦਾਮਾਂ ਨੂੰ ਵੱਖ-ਵੱਖ ਲੋਕਾਂ ਨੂੰ ਕਿਰਾਏ ‘ਤੇ ਦਿੰਦਾ ਹੈ।
ਪੁਲਸ ਮੁਤਾਬਕ ਗੋਦਾਮ ਦਾ ਇਕ ਹਿੱਸਾ ਹੇਤਲ ਸੁਤਾਰੀਆ ਨਾਮੀ ਵਿਅਕਤੀ ਨੇ ਕਿਰਾਏ ‘ਤੇ ਲਿਆ ਸੀ। ਅਧਿਕਾਰੀ ਨੇ ਦੱਸਿਆ ਕਿ ਸੁਤਾਰੀਆ ਨੇ ਕਿਰਾਏ ਦੇ ਗੋਦਾਮ ਵਿਚ ਹਾਈਡਰੋਜਨ ਪੈਰਾਆਕਸਾਈਡ ਸਮੇਤ ਕਈ ਰਸਾਇਣ ਰੱਖੇ ਸਨ। ਸ਼ੱਕ ਹੈ ਕਿ ਰਸਾਇਣਾਂ ਨੂੰ ਆਪਸ ‘ਚ ਮਿਲਾਉਣ ਦੌਰਾਨ ਇਹ ਧਮਾਕਾ ਹੋਇਆ ਹੋਵੇਗਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਨਾਲ ਆਲੇ-ਦੁਆਲੇ ਦੇ 3-4 ਗੋਦਾਮ ਨੁਕਸਾਨੇ ਗਏ। ਉਨ੍ਹਾਂ ‘ਚ ਮਜ਼ਦੂਰ ਕੱਪੜੇ ਆਦਿ ਪੈਕ ਕਰਨ ਦਾ ਕੰਮ ਕਰ ਰਹੇ ਸਨ।
News Credit :jagbani(punjabkesar)