Image Courtesy :jagbani(punjabkesar)

ਚੰਡੀਗੜ੍ਹ : ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤਾ ਝੋਨਾ ਲਿਆ ਪੰਜਾਬ ਦੀ ਮੰਡੀ ‘ਚ ਐਮ. ਐਸ. ਪੀ. ‘ਤੇ ਵੇਚ ਕੇ ਸਰਕਾਰ ਨਾਲ ਧੋਖਾਧੜੀ ਕਰਨ ਵਾਲੇ ਰੋਹਿਤ ਜੈਨ ਉਰਫ਼ ਲਾਡਾ ਅਤੇ ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੀ ਸਿਫਾਰਸ਼ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇੱਥੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਮੰਤਰੀ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਜੀ. ਟੀ. ਡੀ. ਰੋਡ ‘ਤੇ ਸਥਿਤ ਵਾਟਸਨ ਇੰਜੀਨੀਰਿੰਗ ਵਰਕਸ ਨਾਮ ਦੇ ਗੋਦਾਮ ‘ਚ ਦੂਜੇ ਸੂਬਿਆਂ ਤੋਂ ਲਿਆ ਕੇ ਝੋਨਾ ਸਟੋਰ ਕੀਤਾ ਗਿਆ ਹੈ, ਜੋ ਸੂਬੇ ਦੀਆਂ ਮੰਡੀਆਂ ‘ਚ ਐਮ. ਐਸ. ਪੀ. ‘ਤੇ ਵੇਚ ਕੇ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ ਜਾਣਾ ਹੈ, ਜਿਸ ‘ਤੇ ਉਨ੍ਹਾਂ ਨੇ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਟੀਮ ਗਠਿਤ ਕੀਤੀ, ਜਿਨ੍ਹਾਂ ਵੱਲੋਂ ਉਕਤ ਗੋਦਾਮ ‘ਚ ਛਾਪਾ ਮਾਰਕੇ 40 ਕਿਲੋ ਭਰਤੀ ਦੇ 3399 ਝੋਨੇ ਦੇ ਥੈਲੇ ਬਰਾਮਦ ਕੀਤੇ ਗਏ ਅਤੇ ਜਿਨ੍ਹਾਂ ਬੋਰੀਆਂ ‘ਚ ਇਹ ਝੋਨਾ ਰੱਖਿਆ ਗਿਆ ਸੀ, ਉਨ੍ਹਾਂ ‘ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਮਾਰਕਾ ਲੱਗਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਗੋਦਾਮ ਤੋਂ ਕੁਝ ਹੋਰ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ‘ਚ ਝੋਨਾ ਦੂਜੇ ਗੋਦਾਮਾਂ ਨੂੰ ਭੇਜਣ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਜਾਣਕਾਰੀ ਦਰਜ ਕੀਤੀ ਗਈ ਸੀ। ਮੰਤਰੀ ਆਸ਼ੂ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਹੁਣ ਤੱਕ ਦੂਜੇ ਸੂਬਿਆਂ ‘ਚੋਂ ਝੋਨਾ ਲਿਆ ਕੇ ਪੰਜਾਬ ਵੇਚਣ ਦੇ ਮਾਮਲੇ ‘ਚ 96 ਵਪਾਰੀਆਂ ਅਤੇ ਡਰਾਈਵਰਾਂ ਖ਼ਿਲਾਫ਼ ਵੀ ਕੇਸ ਦਰਜ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬੋਗਸ ਬਿਲਿੰਗ ਰਾਹੀਂ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦੀ ਕਾਰਵਾਈ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
News Credit :jagbani(punjabkesar)