Image Courtesy :jagbani(punjabkesari)

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਦਿੱਲੀ ‘ਚ ਕੇਂਦਰ ਸਰਕਾਰ ਵਲੋਂ ਸੰਚਾਲਤ ਹਸਪਤਾਲਾਂ ‘ਚ ਬਿਸਤਰਿਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਇਹ ਅਪੀਲ ਉਸ ਅਨੁਮਾਨ ਦੇ ਮੱਦੇਨਜ਼ਰ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਕੋਰੋਨਾ ਵਾਇਰਸ ਦੇ ਤੀਜੇ ਦੌਰ ਦੌਰਾਨ ਆਉਣ ਵਾਲੇ ਹਫ਼ਤਿਆਂ ‘ਚ ਕੋਵਿਡ-19 ਦੇ ਰੋਜ਼ਾਨਾ 15,000 ਮਾਮਲੇ ਸਾਹਮਣੇ ਆ ਸਕਦੇ ਹਨ। ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਹਰਸ਼ਵਰਧਨ ਨੂੰ ਲਿੱਖੀ ਚਿੱਠੀ ‘ਚ ਹਸਪਤਾਲਾਂ ‘ਚ ਲਗਭਗ 4900 ਬਿਸਤਰ ਘੱਟ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦਿੱਲੀ ‘ਚ ਕੇਂਦਰ ਸਰਕਾਰ ਵਲੋਂ ਸੰਚਾਲਤ ਹਸਪਤਾਲਾਂ ਨੂੰ 300 ਆਈ.ਸੀ.ਯੂ. ਸਮੇਤ ਘੱਟੋ-ਘੱਟ 1,092 ਵਾਧੂ ਬਿਸਤਰਿਆਂ ਅਤੇ ਜ਼ਰੂਰੀ ਮੈਡੀਕਲ ਕਰਮੀਆਂ ਦਾ ਪ੍ਰਬੰਧ ਕਰਨ ਦਾ ਨਿਰਦੇਸ਼ ਦੇਣ।
ਡਾਕਟਰ ਪਾਲ ਕਮੇਟੀ ਨੇ ਅਨੁਮਾਨ ਲਗਾਇਆ ਹੈ ਕਿ ਦਿੱਲੀ ‘ਚ ਕੋਵਿਡ-19 ਦੇ ਤੀਜੇ ਦੌਰ ‘ਚ ਵਧਦੇ ਪ੍ਰਦੂਸ਼ਣ, ਤਿਉਹਾਰਾਂ ਦਾ ਜਸ਼ਨ, ਵਿਆਹ ਦੇ ਸੀਜਨ ਅਤੇ ਹੋਰ ਕਾਰਨਾਂ ਕਰ ਕੇ ਆਉਣ ਵਾਲੇ ਹਫ਼ਤਿਆਂ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ 15,000 ਮਾਮਲੇ ਸਾਹਮਣੇ ਆ ਸਕਦੇ ਹਨ। ਮੁੱਖ ਮੰਤਰੀ ਨੇ ਕਮੇਟੀ ਦੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ‘ਚ ਬੀਤੇ ਕੁਝ ਦਿਨ ‘ਚ ਕੋਵਿਡ-19 ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਦੇਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਫਿਲਹਾਲ ਆਈ.ਸੀ.ਯੂ. ਬਿਸਤਰਿਆਂ ਸਮੇਤ ਕੁੱਲ 15,713 ਬਿਸਤਰ ਹਨ। ਕੇਜਰੀਵਾਲ ਨੇ ਕਿਹਾ ਕਿ ਲਗਭਗ 4900 ਬਿਸਤਰਿਆਂ ਦੀ ਕਮੀ ਹੈ, ਜਿਸ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਵਲੋਂ ਸੰਚਾਲਤ ਹਸਪਤਾਲਾਂ ਦੀ ਮਦਦ ਨਾਲ ਪੂਰਾ ਕੀਤਾ ਜਾਣਾ ਹੈ।
News Credit :jagbani(punjabkesari)