Image Courtesy :jagbani(punjabkesari)

ਬੌਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਇੱਕ ਵਾਰ ਫ਼ਿਰ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜੀ ਹਾਂ ਇਹ ਦੋਵੇਂ ਇੱਕ ਨਵੀਂ ਆਉਣ ਵਾਲੀ ਫ਼ਿਲਮ ‘ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਬੌਲੀਵੁਡ ਫ਼ਿਲਮ ਖ਼ਾਕੀ ਅਤੇ ਸਤਿਆਗ੍ਰਹਿ ਵਰਗੀਆਂ ਕਈ ਵੱਡੀਆਂ ਫ਼ਿਲਮਾਂ ਕਰਨ ਤੋਂ ਬਾਅਦ ਇਹ ਦੋਹੇਂ ਤਕਰੀਬਨ ਸੱਤ ਸਾਲ ਦੇ ਅਰਸੇ ਬਾਅਦ ਮੁੜ ਤੋਂ ਇਕੱਠਿਆਂ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਇੱਕ ਹੋਰ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਫ਼ਿਲਮ ਨੂੰ ਖ਼ੁਦ ਅਜੇ ਦੇਵਗਨ ਡਾਇਰੈਕਟ ਕਰਨਗੇ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਦੀ ਦੇ ਮਹਾਨਾਇਕ ਨੂੰ ਅਜੇ ਦੇਵਗਨ ਡਾਇਰੈਕਟ ਕਰਨਗੇ। ਖ਼ਬਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਇਸ ਫ਼ਿਲਮ ‘ਚ ਅਜੇ ਦੇਵਗਨ ਪਾਇਲਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਫ਼ਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਨੂੰ ਲੈ ਕੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਹੈ ਕੇ ਇਸ ਫ਼ਿਲਮ ਦੀ ਸ਼ੂਟਿੰਗ ਅਜੇ ਦੇਵਗਨ ਫ਼ਿਲਮ ਭੁਜ ਦਾ ਸਾਰਾ ਕੰਮ ਖ਼ਤਮ ਕਰਨ ਤੋਂ ਬਾਅਦ ਕਰਨਗੇ। ਅਮਿਤਾਭ ਬੱਚਨ ਵੀ ਆਪਣੇ ਹੋਰਨਾਂ ਪ੍ਰੌਜੈਕਟਸ ਨੂੰ ਖ਼ਤਮ ਕਰਨ ਤੋਂ ਬਾਅਦ ਇਸ ਫ਼ਿਲਮ ‘ਚ ਕੰਮ ਕਰਨਗੇ। ਫ਼ਿਲਮ ਦੀ ਸ਼ੂਟਿੰਗ ਦਸੰਬਰ ਮਹੀਨੇ ‘ਚ ਸ਼ੁਰੂ ਕੀਤੀ ਜਾ ਸਕਦੀ ਹੈ। ਫ਼ਿਲਮ ਨੂੰ ਹੈਦਰਾਬਾਦ ‘ਚ ਸ਼ੂਟ ਕੀਤਾ ਜਾਵੇਗਾ।