Image Courtesy :jagbani(punjabkesari)

ਸਿਡਨੀ – ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਘੋਸ਼ਣਾ ਦੀ ਕੀਤੀ ਕਿ ਭਾਰਤ ਖ਼ਿਲਾਫ਼ 17 ਦਸੰਬਰ ਤੋਂ ਐਡੀਲੇਡ ਓਵਲ ‘ਚ ਹੋਣ ਵਾਲੇ ਪਹਿਲੇ ਦਿਨ-ਰਾਤ ਦੇ ਟੈੱਸਟ ਵਿੱਚ 27 ਹਜ਼ਾਰ ਦਰਸ਼ਕ ਹੋਣਗੇ ਜੋ ਸਟੇਡੀਅਮ ਦੀ ਸਮਰੱਥਾ ਦਾ 50 ਫ਼ੀਸਦੀ ਹੈ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕ੍ਰਿਕਟ ਮੈਚ ਜੈਵ ਸੁਰੱਖਿਅਤ ਮਾਹੌਲ ਵਿੱਚ ਦਰਸ਼ਕਾਂ ਤੋਂ ਬਿਨਾਂ ਖੇਡੇ ਜਾ ਰਹੇ ਹਨ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਵਿੱਚ ਹਾਲਾਂਕਿ ਦਰਸ਼ਕ ਹੋਣਗੇ। ਭਾਰਤੀ ਟੀਮ ਆਸਟਰੇਲੀਆ ਵਿੱਚ ਤਿੰਨ ਵਨਡੇ, ਤਿੰਨ T-20 ਅਤੇ ਚਾਰ ਟੈੱਸਟ ਮੈਚ ਖੇਡੇਗੀ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿੱਚ ਪਹਿਲੇ ਵਨਡੇ ਨਾਲ ਹੋਵੇਗੀ। ਟੈੱਸਟ ਸੀਰੀਜ਼ 17 ਦਸੰਬਰ ਤੋਂ ਐਡੀਲੇਡ ਵਿੱਚ ਖੇਡੀ ਜਾਵੇਗੀ। ਐਡੀਲੇਡ ਓਵਲ ‘ਤੇ ਦਰਸ਼ਕ ਸਮਰਥਾ ਦੀਆਂ 50 ਫ਼ੀਸਦੀ ਟਿਕਟਾਂ ਵੇਚੀਆਂ ਜਾਣਗੀਆਂ ਯਾਨੀ ਹਰ ਦਿਨ ਲਈ 27 ਹਜ਼ਾਰ ਟਿਕਟਾਂ ਉਪਲਬਧ ਹੋਣਗੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਸਿਰਫ਼ ਐਡੀਲੇਡ ਟੈੱਸਟ ਹੀ ਖੇਡਣਗੇ। ਉਸ ਤੋਂ ਬਾਅਦ ਉਹ ਵਾਪਿਸ ਪਰਤ ਜਾਣਗੇ ਕਿਉਂਕਿ ਜਨਵਰੀ ਵਿੱਚ ਉਨ੍ਹਾਂ ਦੇ ਘਰ ਇੱਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।
ਬੌਕਸਿੰਗ ਡੇਅ ਟੈੱਸਟ 26 ਤੋਂ 30 ਨਵੰਬਰ ਤਕ ਮੈਲਬਰਨ ਵਿੱਚ ਖੇਡਿਆ ਜਾਵੇਗਾ ਜਿਸ ਵਿੱਚ ਕੁੱਲ ਸਮਰਥਾ ਦੀਆਂ 25 ਫ਼ੀਸਦੀ ਟਿਕਟਾਂ ਹੀ ਵੇਚੀਆਂ ਜਾਣਗੀਆਂ। ਉਥੇ ਹੀ ਬ੍ਰਿਸਬੇਨ ਵਿੱਚ ਚੌਥੇ ਟੈੱਸਟ ਵਿੱਚ 75 ਫ਼ੀਸਦੀ ਯਾਨੀ 30 ਹਜ਼ਾਰ ਟਿਕਟਾਂ ਵੇਚੀਆਂ ਜਾਣਗੀਆਂ। ਦੂਜਾ ਟੈੱਸਟ ਸਿਡਨੀ ਵਿੱਚ ਹੋਵੇਗਾ ਜਿੱਥੇ ਵੀ 50 ਫ਼ੀਸਦੀ ਯਾਨੀ 23 ਹਜ਼ਾਰ ਤਕ ਹੀ ਟਿਕਟਾਂ ਵੇਚੀਆਂ ਜਾ ਸਕਣਗੀਆਂ।