Image Courtesy :jagbani(punjabkesari)

ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ ‘ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ ਜਿੱਤ ਹਾਸਲ ਹੋਈ ਹੈ। ਨਿਤੀਸ਼ ਕੁਮਾਰ ਦੀ ਅਗਵਾਈ ‘ਚ ਐੱਨ. ਡੀ. ਏ. ਨੂੰ 243 ਮੈਂਬਰੀ ਵਿਧਾਨ ਸਭਾ ‘ਚੋਂ 125 ਸੀਟਾਂ ‘ਤੇ ਜਿੱਤ ਦਰਜ ਹੋਈ ਹੈ। ਨਿਤੀਸ਼ ਕੁਮਾਰ ਲਗਾਤਾਰ ਚੌਥੀ ਵਾਰ ਬਿਹਾਰ ਦੀ ਸੱਤਾ ਸੰਭਾਲਣਗੇ। ਉੱਥੇ ਹੀ ਆਪਣੇ ਪਿਤਾ ਦੀ ਰਾਜਨੀਤਕ ਵਿਰਾਸਤ ਬਚਾਉਣ ਉਤਰੇ ਉਮੀਦਵਾਰਾਂ ‘ਚੋਂ ਰਾਜਦ ਮੁਖੀ ਲਾਲੂ ਪ੍ਰਸਾਦ ਦੇ ਦੋਵੇਂ ਪੁੱਤਰ- ਤੇਜਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਜਿੱਤਣ ‘ਚ ਸਫ਼ਲ ਰਹੇ।
ਉੱਥੇ ਹੀ ਦਿੱਗਜ ਸਮਾਜਵਾਦੀ ਪਾਰਟੀ ਨੇਤਾ ਸ਼ਰਦ ਯਾਦਵ ਦੀ ਧੀ ਸੁਭਾਸਿਨੀ ਰਾਜ ਰਾਓ, ਜਿਸ ਨੇ ਬਿਹਾਰਗੰਜ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣੇ ਪਿਤਾ ਦੀ ਕਰਮ ਭੂਮੀ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਸ਼ਤਰੂਘਨ ਸਿਨਹਾ ਦੇ ਪੁੱਤਰ ਲਵ ਸਿਨਹਾ ਜੋ ਪਟਨਾ ਦੀ ਬਾਂਕੀਪੁਰ ਸੀਟ ਤੋਂ ਕਾਂਗਰਸ ਦੀ ਸੀਟ ਤੋਂ ਚੋਣ ਲੜੇ ਸਨ, ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ਤਰੂਘਨ ਸਿਨਹਾ ਦੇ ਪਰਿਵਾਰ ‘ਚ ਤੀਜੀ ਹਾਰ—
ਪੁੱਤਰ ਦੀ ਹਾਰ ‘ਤੇ ਅਤੇ ਬਿਹਾਰ ਵਿਚ ਪਾਰਟੀ ਦਾ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਕਾਫੀ ਦੁਖੀ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਇਹ ਤੀਜੀ ਹਾਰ ਹੈ। ਦਰਅਸਲ ਪਟਨਾ ਸਾਹਿਬ ਲੋਕ ਸਭਾ ਸੀਟ ‘ਤੇ ਸ਼ਤਰੂਘਨ ਸਿਨਹਾ 2009 ਤੋਂ 2019 ਤੱਕ ਭਾਜਪਾ ਦੇ ਸੰਸਦ ਮੈਂਬਰ ਰਹੇ ਸਨ, ਪਿਛਲੇ ਸਾਲ ਉਨ੍ਹਾਂ ਨੂੰ ਉਥੋਂ ਟਿਕਟ ਨਹੀਂ ਦਿੱਤੀ ਗਈ। ਸਿਨਹਾ ਦੀ ਥਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਉੱਥੋਂ ਭਾਜਪਾ ਨੇ ਟਿਕਟ ਦਿੱਤੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਸ਼ਤਰੂਘਨ ਸਿਨਹਾ ਨੇ ਕਾਂਗਰਸ ਦਾ ਲੜ ਫੜ ਲਿਆ ਅਤੇ ਰਵੀਸ਼ੰਕਰ ਪ੍ਰਸਾਦ ਖ਼ਿਲਾਫ਼ ਚੋਣ ਲੜੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਲਖਨਊ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਖ਼ਿਲਾਫ਼ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਪਰ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਨ੍ਹਾਂ ਦੇ ਪੁੱਤਰ ਲਵ ਸਿਨਹਾ ਨੂੰ ਬਿਹਾਰ ਵਿਧਾਨ ਸਭਾ 2020 ‘ਚ ਹਾਰ ਦਾ ਮੂੰਹ ਵੇਖਣਾ ਪਿਆ।
ਲਵ ਸਿਨਹਾ ਬੋਲੇ- ਇਹ ਹਾਰ ਅੰਤ ਨਹੀਂ, ਸ਼ੁਰੂਆਤ ਹੈ—
ਆਪਣੀ ਹਾਰ ਨੂੰ ਲੈ ਕੇ ਲਵ ਸਿਨਹਾ ਨੇ ਕਿਹਾ ਕਿ ਚੋਣਾਂ ਲੜਨ ਲਈ ਬਹੁਤ ਤਾਕਤ ਲਾਉਣੀ ਪੈਂਦੀ ਹੈ। ਲਵ ਸਿਨਹਾ ਨੇ ਕਿਹਾ ਕਿ ਇਹ ਹਾਰ ਅੰਤ ਨਹੀਂ ਹੈ, ਸਗੋਂ ਕਿ ਸ਼ੁਰੂਆਤ ਹੈ। ਲਵ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਬਾਂਕੀਪੁਰ ਸੁਰੱਖਿਅਤ ਸੀਟ ਨਹੀਂ ਹੈ। ਉੱਥੇ ਹੀ ਪਿਤਾ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੈਨੂੰ ਆਪਣੇ ਪੁੱਤਰ ‘ਤੇ ਮਾਣ ਹੈ। ਇਹ ਅੰਤ ਨਹੀਂ ਹੈ, ਅੱਗੇ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ।
News Credit :jagbani(punjabkesari)