Image Courtesy :jagbani(punjabkesari)

ਜਲੰਧਰ – ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਨੂੰ ਹਾਲੇ ਤੱਕ ਸ਼ੁਰੂ ਕਰਨ ਲਈ ਹਰੀ ਝੰਡੀ ਨਾ ਦਿੱਤੇ ਜਾਣ ਨਾਲ ਉਦਯੋਗ ਜਗਤ ’ਤੇ ਬੋਝ ਹੋਰ ਵਧ ਗਿਆ ਹੈ। ਮਾਲ ਗੱਡੀਆਂ ਦੇ ਬੰਦ ਰਹਿਣ ਕਾਰਣ ਸੂਬੇ ਦੇ ਉੱਦਮੀਆਂ ਨੇ ਹੁਣ ਟਰੱਕਾਂ ਰਾਹੀਂ ਆਪਣਾ ਤਿਆਰ ਮਾਲ ਭੇਜਣਾ ਸ਼ੁਰੂ ਕੀਤਾ ਸੀ ਪਰ ਹੁਣ ਟਰੱਕ ਵਾਲਿਆਂ ਨੇ ਮਾਲ-ਭਾੜੇ ’ਚ ਅਚਾਨਕ ਭਾਰੀ ਵਾਧਾ ਕਰ ਦਿੱਤਾ ਹੈ।
ਉਦਯੋਗ ਜਗਤ ਨਾਲ ਸਬੰਧ ਰੱਖਦੇ ਪ੍ਰਮੁੱਖ ਬਰਾਮਦਕਾਰ ਅਸ਼ਵਨੀ ਕੁਮਾਰ ਵਿਕਟਰ ਨੇ ਦੱਸਿਆ ਕਿ ਜਲੰਧਰ ਤੋਂ ਮੁੰਬਈ ਤੱਕ ਦਾ ਮਾਲ-ਭਾੜਾ 42000 ਤੋਂ ਵਧਾ ਕੇ 67000 ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਦੀ ਮੰਗ ’ਚ ਵਾਧਾ ਹੋਣ ਕਾਰਣ ਹੁਣ ਸਾਮਾਨ ਭੇਜਣ ਲਈ ਟਰੱਕ ਉਪਲੱਬਧ ਨਹੀਂ ਹੋ ਰਹੇ ਹਨ, ਜਿਸ ਕਾਰਣ ਟਰੱਕ ਵਾਲਿਆਂ ਨੇ ਮਾਲ-ਭਾੜੇ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੇ ਬੰਦ ਰਹਿਣ ਨਾਲ ਸੂਬੇ ’ਚ ਉਦਯੋਗਾਂ ਨੂੰ ਸਪਲਾਈ ਹੋਣ ਵਾਲੇ ਕੱਚੇ ਮਾਲ ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਸਟੀਲ ਦੇ ਰੇਟਾਂ ’ਚ 6000 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਕਾਰਣ ਪਹਿਲਾਂ ਉਦਯੋਗ ਸੰਭਾਲੇ ਨਹੀਂ ਗਏ, ਹੁਣ ਕਿਸਾਨ ਕਾਨੂੰਨਾਂ ਕਾਰਣ ਪੈਦਾ ਹੋਏ ਹਾਲਾਤ ਉਦਯੋਗਾਂ ਨੂੰ ਖ਼ਰਾਬ ਕਰ ਰਹੇ ਹਨ। ਸਤੰਬਰ ਤੋਂ ਲੈ ਕੇ ਹੁਣ ਤੱਕ ਕਿਸਾਨ ਅੰਦੋਲਨ ਕਾਰਣ ਕੰਟੇਨਰ ਫ਼ਸੇ ਪਏ ਹਨ। ਉਨ੍ਹਾਂ ਸਟੀਲ ਮਹਿੰਗਾ ਹੋਣ ਅਤੇ ਮਾਲ-ਭਾੜੇ ’ਚ ਵਾਧੇ ਨਾਲ ਉਤਪਾਦਨ ਲਾਗਤ ’ਚ ਵਾਧਾ ਹੋ ਚੁੱਕਾ ਹੈ। ਹੁਣ ਹਾਲਾਤ ਅਜਿਹੇ ਹਨ ਕਿ ਉਦਯੋਗ ਜਗਤ ਅਤੇ ਬਰਾਮਦਕਾਰ ਆਪਣੇ ਪੁਰਾਣੇ ਆਰਡਰਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਪਰ ਵਿਦੇਸ਼ੀ ਗਾਹਕ ਉਨ੍ਹਾਂ ਨੂੰ ਵਧੀ ਹੋਈ ਉਤਪਾਦਨ ਲਾਗਤ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ।
ਉਨ੍ਹਾਂ ਦੱਸਿਆ ਕਿ 13000 ਕੰਟੇਨਰ ਤਾਂ ਦਰਾਮਦ ਲਈ ਪੈਂਡਿੰਗ ਪਏ ਹੋਏ ਹਨ, ਜੋ ਕੰਟੇਨਰ ਆਉਂਦਾ ਹੈ, ਉਹ ਭਰ ਕੇ ਜਾਂਦਾ ਹੈ। ਦੂਜੇ ਪਾਸੇ ਲੁਧਿਆਣਾ ਕਿਲ੍ਹਾ ਰਾਏਪੁਰ ਅਤੇ ਹੋਰ ਖੁਸ਼ਕ ਬੰਦਰਗਾਹਾਂ ’ਤੇ ਕੰਟੇਨਰ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇ ਵਿਦੇਸ਼ੀ ਗਾਹਕਾਂ ਕੋਲ ਸਮੇਂ ਸਿਰ ਮਾਲ ਨਹੀਂ ਪਹੁੰਚਦਾ ਹੈ ਤਾਂ ਉਸ ਸਥਿਤੀ ’ਚ ਇਕ ਵੱਡੀ ਸਮੱਸਿਆ ਪੈਦਾ ਹੋਣ ਦਾ ਖਦਸ਼ਾ ਹੈ।
ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਗਾਹਕਾਂ ਨੇ ਤਾਂ ਆਰਡਰ ਰੱਦ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ’ਚ ਕਾਰੋਬਾਰ ਨੂੰ 20,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਦੂਜੇ ਪਾਸੇ ਰਿਜ਼ਰਵ ਬੈਂਕ ਨੂੰ ਚਾਹੀਦਾ ਹੈ ਕਿ ਉਹ ਬੈਂਕਾਂ ਨੂੰ ਐੱਮ. ਐੱਸ. ਐੱਮ. ਈ. ਨੂੰ ਸਹਿਯੋਗ ਦੇਣ ਦੇ ਨਿਰਦੇਸ਼ ਦੇਣ, ਕਿਉਂਕਿ ਬੈਂਕਾਂ ਵਲੋਂ ਬਿਨਾਂ ਗਾਰੰਟੀ ਦੇ ਪੈਸਾ ਉਦਯੋਗਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਕੋਰੋਨਾ ਕਾਲ ਦੇ ਦੂਜੇ ਪੜਾਅ ਨੂੰ ਦੇਖਦੇ ਹੋਏ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ ਨਹੀਂ ਤਾਂ ਉਦਯੋਗ ਕਾਫੀ ਪਿੱਛੇ ਰਹਿ ਜਾਣਗੇ।
News Credit :jagbani(punjabkesari)