Image Courtesy :jagbani(punjabkesari)

ਜਲੰਧਰ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਜਲੰਧਰ ਵਿਖੇ ਈ. ਡੀ. ਦਫ਼ਤਰ ‘ਚ ਪੇਸ਼ ਹੋਏ ਲਈ ਪਹੁੰਚੇ ਹਨ, ਜਿੱਥੇ ਉਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਸਲ ‘ਚ ਫੇਮਾ ਕਾਨੂੰਨ ਉਲੰਘਣਾ ਮਾਮਲੇ (ਅਣ-ਐਲਾਨੀ ਜਾਇਦਾਦ ਮਾਮਲੇ) ‘ਚ ਪੇਸ਼ ਹੋਣ ਲਈ ਰਣਇੰਦਰ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ਪਹੁੰਚੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਈ. ਡੀ. ਵੱਲੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ ਵੀ ਮੌਜੂਦ ਹਨ। ਰਣਇੰਦਰ ਸਿੰਘ ਨੂੰ ਪਹਿਲਾਂ ਵੀ ਜਲੰਧਰ ਵਿਖੇ ਈ.ਡੀ. ਦੇ ਦਫ਼ਤਰ ‘ਚ ਪੇਸ਼ ਹੋਣਾ ਸੀ ਪਰ ਉਹ ਸਿਹਤ ਦਾ ਹਵਾਲਾ ਦੇ ਕੇ ਦਫ਼ਤਰ ‘ਚ ਪੇਸ਼ ਨਹੀਂ ਹੋ ਸਕੇ ਸਨ।
ਜੈਵੀਰ ਸ਼ੇਰਗਿੱਲ ਨੇ ਉਨ੍ਹਾਂ ਦੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੀ ਰਣਇੰਦਰ ਸਿੰਘ ਤੇਜ਼ ਬੁਖਾਰ, ਸਰਦੀ ਅਤੇ ਖਾਂਸੀ ਨਾਲ ਪੀੜਤ ਸਨ। ਉਨ੍ਹਾਂ ਦਾ ਕੋਰੋਨਾ ਟੈਸਟ ਸੈਂਪਲ ਭੇਜਿਆ ਗਿਆ ਸੀ ਅਤੇ ਡਾਕਟਰਾਂ ਨੇ ਉਨ੍ਹ੍ਹਾਂ ਨੂੰ 14 ਦਿਨਾਂ ਦੇ ਇਕਾਂਤਵਾਸ ਦੀ ਹਦਾਇਤ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ ‘ਤੇ ਇਨਕਮ ਟੈਕਸ ਮਹਿਕਮੇ ਨੇ ਰਣਇੰਦਰ ਕੋਲ ਆਮਦਨ ਤੋਂ ਵਾਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੋਇਆ ਹੈ। 2005-06 ਦੇ ਇਸ ਮਾਮਲੇ ‘ਚ ਕਥਿਤ ਤੌਰ ‘ਤੇ ਕਮਾਈ ਗਈ ਵਿਦੇਸ਼ੀ ਜਾਇਦਾਦ ਨੂੰ ਉਨ੍ਹਾਂ ਦੇ ਰਿਟਰਨ ‘ਚ ਘੋਸ਼ਿਤ ਨਾ ਕਰਨ ਦਾ ਦੋਸ਼ ਹੈ। ਈ. ਡੀ. ਵੱਲੋਂ ਜਾਂਚ ਨਾਲ ਜਿਊਰਿਖ, ਸਵਿੱਟਜ਼ਰਲੈਂਡ ਲਈ ਪੈਸੇ ਦੀ ਆਵਾਜਾਈ ਅਤੇ ਬ੍ਰਿਟਿਸ਼ ਵਰਜ਼ਿਨ ਟਾਪੂ ਸਮੂਹ ਦੇ ਕੁਝ ਟਰੱਸਟਾਂ ਅਤੇ ਸਹਾਇਕ ਕੰਪਨੀਆਂ ਦੀ ਪਛਾਣ ਹੋਈ ਹੈ। ਹਾਲਾਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਦੋਹਾਂ ਨੇ ਈ. ਡੀ. ਅਤੇ ਆਈ. ਟੀ. ਮਹਿਕਮੇ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫ਼ਿਲਹਾਲ ਇਨਕਮ ਟੈਕਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।
News Credit :jagbani(punjabkesari)