Image Courtesy :deccanherald

ਢਾਕਾ – ਬੰਗਲਾਦੇਸ਼ ਪੁਲੀਸ ਨੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਕਿਬ ਨੂੰ ਕੋਲਕਾਤਾ ‘ਚ ਕਾਲੀ ਮਾਂ ਦੀ ਪੂਜਾ ਦੇ ਪੰਡਾਲ ਦਾ ਉਦਘਾਟਨ ਕਰਨ ਲਈ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ ਜਦਕਿ ਇਸ ਕ੍ਰਿਕਟਰ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਸਿਰਫ਼ ਥੋੜ੍ਹੇ ਸਮੇਂ ਦੇ ਲਈ ਪ੍ਰੋਗਰਾਮ ਨਾਲ ਜੁੜਿਆ ਸੀ ਅਤੇ ਉਸ ਨੇ ਪੰਡਾਲ ਦਾ ਉਦਘਾਟਨ ਨਹੀਂ ਸੀ ਕੀਤਾ। ੀ
ਪੁਲੀਸ ਐਂਟੀ ਕਰਾਈਮ ਰੈਪਿਡ ਐਕਸ਼ਨ ਬਟਾਲੀਅਨ ਨੇ ਮਿਲ ਕੇ 28 ਸਾਲਾ ਮੋਹਸਿਨ ਤਾਲੁਕਦਾਰ ਨੂੰ ਗ੍ਰਿਫ਼ਤਾਰ ਕੀਤਾ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਸਾਡੀ ਹਿਰਾਸਤ ‘ਚ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਾਕਿਬ ਅਲ ਹਸਨ ਦੇ ਪ੍ਰੋਗਰਾਮ ‘ਚ ਲਈ ਗਈ ਫ਼ੋਟੋ ਵਾਇਰਲ ਹੋਣ ਤੋਂ ਬਾਅਦ ਤਾਲੁਕਦਾਰ ਨੇ ਐਤਵਾਰ ਦੀ ਰਾਤ ਫ਼ੇਸਬੁੱਕ ‘ਤੇ ਲਾਈਵ ਹੋ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਇਸ ਕ੍ਰਿਕਟਰ ਨੇ ਪੂਜਾ ਦੇ ਪ੍ਰੋਗਰਾਮ ‘ਚ ਜਾਣ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਹਾਲਾਂਕਿ ਅਗਲੀ ਸਵੇਰ ਤਾਲੁਕਦਾਰ ਨੇ ਧਮਕੀ ਵਾਪਿਸ ਲੈ ਲਈ ਸੀ ਅਤੇ ਇੱਕ ਹੋਰ ਲਾਈਵ ਵੀਡੀਓ ‘ਚ ਮੁਆਫ਼ੀ ਵੀ ਮੰਗੀ ਸੀ। ਉਸ ਦੀ ਪਤਨੀ ਨੂੰ ਪੁੱਛਗਿੱਛ ਦੇ ਲਈ ਹਿਰਾਸਤ ‘ਚ ਲਿਆ ਅਤੇ ਉਸ ਨੂੰ ਸੂਨਾਮਗੰਜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੰਡੀਅਨ ਪ੍ਰੀਮੀਅਰ ਲੀਗ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਖੇਡ ਚੁੱਕੇ 33 ਸਾਲ ਦੇ ਕ੍ਰਿਕਟਰ ਨੇ ਫ਼ੇਸਬੁੱਕ ‘ਤੇ ਇੱਕ ਪੋਸਟ ‘ਚ ਪੂਜਾ ਪੰਡਾਲ ਦੇ ਉਦਘਾਟਨ ਕਰਨ ਤੋਂ ਇਨਕਾਰ ਕੀਤਾ ਸੀ।