Image Courtesy :jagbani(punjabkesari)

ਲੰਡਨ – ਸਾਬਕਾ ਟੈੱਸਟ ਅੰਪਾਇਰ ਜੌਨ ਹੋਲਡਰ ਨੇ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ECB) ‘ਤੇ ਸਾਲਾਂ ਤਕ ਨਸਲਵਾਦ ਕਰਨ ਦਾ ਦੋਸ਼ ਲਾਇਆ ਹੈ ਅਤੇ ਦੇਸ਼ ਵਿੱਚ ਘੱਟਗਿਣਤੀਆਂ ਗਰੁੱਪਾਂ ਤੋਂ ਮੈਚ ਅਧਿਕਾਰੀਆਂ ਦੀ ਕਮੀ ‘ਤੇ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਹੈਂਪਸ਼ਾਇਰ ਦੇ ਸਾਬਕਾ ਕ੍ਰਿਕਟਰ ਹੋਲਡਰ ਨੇ ਤਿੰਨ ਦਹਾਕੇ ਦੇ ਕਰੀਅਰ ਵਿੱਚ 11 ਟੈੱਸਟ ਤੇ 19 ਵਨ ਡੇਜ਼ ਵਿੱਚ ਅੰਪਾਈਰਿੰਗ ਕੀਤੀ ਹੈ। ਉਸ ਨੇ ਕਿਹਾ ਕਿ ਅਸ਼ਵੇਤ ਅੰਪਾਇਰਾਂ ਨੂੰ 1992 ਤੋਂ ਬਾਅਦ ਤੋਂ ਪਹਿਲੀ ਸ਼੍ਰੇਣੀ ਸੂਚੀ ਵਿੱਚ ਨਿਯੁਕਤ ਨਹੀਂ ਕੀਤਾ ਗਿਆ।
ਹੋਲਡਰ ਨੇ ਕਿਹਾ, ”ਮੈਂ ਇੰਗਲੈਂਡ ਵਿੱਚ 56 ਸਾਲਾਂ ਤੋਂ ਰਹਿ ਰਿਹਾ ਹਾਂ ਤੇ ਮੈਂ ਦਿਲ ‘ਤੇ ਹੱਥ ਰੱਖ ਕੇ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਪਹਿਲਾਂ ਕਦੇ ਨਸਲਵਾਦ ਦਾ ਤਜਰਬਾ ਨਹੀਂ ਕੀਤਾ ਹੈ, ਪਰ ਜੇਕਰ ਤੁਸੀਂ ਇਨ੍ਹਾਂ ਅੰਕੜਿਆਂ ਨੂੰ ਦੇਖੋ ਤਾਂ ਤੁਹਾਨੂੰ ਸਮਝ ਆਵੇਗਾ ਕਿ ਕੀ ਹੋ ਰਿਹਾ ਹੈ ਤੇ ਕਿਸੇ ਹੋਰ ਨਤੀਜਾ ‘ਤੇ ਪਹੁੰਚਣਾ ਮੁਸ਼ਕਿਲ ਹੈ।” ਉਸ ਨੇ ਕਿਹਾ, ”ਜਦੋਂ ਮੈਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਲਈ ਕੰਮ ਬੰਦ ਕਰ ਦਿੱਤਾ ਤਾਂ ਮੈਂ ECB ਨਾਲ ਸੰਪਰਕ ਕੀਤਾ ਕਿ ਮੈਂ ਆਪਣੀਆਂ ਸੇਵਾਵਾਂ ਅੰਪਾਇਰਾਂ ਨੂੰ ਮੇਂਟੋਰਿੰਗ ਲਈ ਦੇਣਾ ਚਾਹੁੰਦਾ ਹਾਂ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ।”
ਉਸ ਨੇ ਕਿਹਾ, ”ਸਗੋਂ ਸਾਬਕਾ ਖਿਡਾਰੀਆਂ ਨੂੰ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਜਿਸ ਵਿੱਚ ਕੁੱਝ ਕਦੇ ਵੀ ਅੰਪਾਇਰ ਦੀ ਭੂਮਿਕਾ ਵਿੱਚ ਨਹੀਂ ਰਹੇ ਸਨ। ਇਹ ਅਜੀਬ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਡ੍ਰਾਈਵਿੰਗ ਨਾ ਆਉਣ ਵਾਲੇ ਨੂੰ ਡ੍ਰਾਈਵਿੰਗ ਸਿਖਾਉਣ ਲਈ ਨਿਯੁਕਤ ਕਰਨਾ। ‘@
ਵੈਨਬਰਨ ਹੋਲਡਰ ਆਖਰੀ ਅਸ਼ਵੇਤ ਅੰਪਾਇਰ ਸੀ ਜਿਸ ਨੇ ECB ਦੀ ਪਹਿਲੀ ਸ਼੍ਰੇਣੀ ਸੂਚੀ ਵਿੱਚ ਅੰਪਾਈਰਿੰਗ ਕੀਤੀ। ਵੈੱਸਟ ਇੰਡੀਜ਼ ਲਈ 40 ਟੈੱਸਟ ਅਤੇ 12 ਵਨ ਡੇ ਖੇਡ ਚੁੱਕੇ ਵੈਨਬਰਨ ਹੋਲਡਰ ਨੂੰ 1992 ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਓਦੋਂ ਤੋਂ ਕਈ ਅਸ਼ਵੇਤ ਉਮੀਦਵਾਰਾਂ ਨੇ ਇਸ ਪੇਸ਼ੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ। ਸਾਬਕਾ ਅੰਡਰ-19 ਕ੍ਰਿਕਟਰ ਇਸਮਾਇਲ ਦਾਊਦ ਨੇ ਵੀ ECB ‘ਤੇ ਸੰਸਥਾਗਤ ਨਸਲਵਾਦ ਕਰਨ ਦਾ ਦੋਸ਼ ਲਾਇਆ ਹੈ।