Image Courtesy :m.punjabi.bollywoodtadka

ਕੋਰੋਨਾਵਾਇਰਸ ਦੇ ਚਲਦਿਆਂ ਪੂਰੇ 9 ਮਹੀਨਿਆਂ ਬਾਅਦ ਕਿਸੇ ਫ਼ਿਲਮ ਦਾ ਥਿਏਟਰ ‘ਚ ਆਉਣਾ ਬੌਲੀਵੁਡ ਹੀ ਨਹੀਂ ਸਗੋਂ ਫ਼ਿਲਮ ਪ੍ਰੇਮੀਆਂ ਲਈ ਵੀ ਰਾਹਤ ਅਤੇ ਖ਼ੁਸ਼ੀ ਭਰੀ ਖ਼ਬਰ ਹੈ। ਇਹ ਖੁਸ਼ੀ ਦੀ ਖ਼ਬਰ ਮਿਲੀ ਹੈ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਨਿਰਦੇਸ਼ਿਤ ਫ਼ਿਲਮ ਸੂਰਜ ਪੇ ਮੰਗਲ ਭਾਰੀ ਨਾਲ। ਇਥੇ ਨਿਰਦੇਸ਼ਕ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਜਿਸ ਨੇ ਕੋਰੋਨਾ ਕਾਲ ‘ਚ ਫ਼ਿਲਮ ਨੂੰ ਥਿਏਟਰ ‘ਚ ਲਿਆਉਣ ਦੀ ਹਿੰਮਤ ਦਿਖਾਈ। ਸਾਰੇ ਜਾਣਦੇ ਹਨ ਕਿ ਕੋਵਿਡ-19 ਦੇ ਚਲਦਿਆਂ ਕਈ ਵੱਡੀਆਂ ਫ਼ਿਲਮਾਂ ਨੂੰ ਤੀਜੇ ਪਰਦੇ ਦਾ ਲੜ ਫ਼ੜਨਾ ਪਿਆ ਸੀ, ਪਰ ਸੂਰਜ ਪੇ ਮੰਗਲ ਭਾਰੀ ਨੂੰ ਦਰਸ਼ਕ ਅੱਜ ਤੋਂ ਸਿਨੇਮਾਘਰਾਂ ‘ਚ ਜਾ ਕੇ ਦੇਖ ਸਕਦੇ ਹਨ। ਇਸ ਮਾਹੌਲ ‘ਚ ਲੋਕਾਂ ਨੂੰ ਵੀ ਇੱਕ ਕੌਮੇਡੀ ਫ਼ਿਲਮ ਦੀ ਲੋੜ ਸੀ ਜਿਸ ਨੂੰ ਦਰਸ਼ਕ ਸਿਨੇਮਾਘਰਾਂ ‘ਚ ਇੰਜੁਆਏ ਕਰ ਸਕਦੇ ਅਤੇ ਇਹ ਫ਼ਿਲਮ ਕੁੱਝ ਹੱਦ ਤਕ ਉਸ ਜ਼ਰੂਰਤ ਨੂੰ ਪੂਰਾ ਕਰਦੀ ਵੀ ਨਜ਼ਰ ਆਉਂਦੀ ਹੈ।

ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ 90 ਦੇ ਦਹਾਕੇ ਤੋਂ ਜਿਥੇ ਮੰਗਲ ਰਾਣੇ (ਮਨੋਜ ਬਾਜਪਾਈ) ਇੱਕ ਮੈਰਿਜ ਡਿਟੈਕਟਿਵ ਹੈ। ਉਸ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਮੁੰਡਿਆਂ ਦਾ ਘਰ ਵਸੇ। ਇਸ ਲਈ ਉਹ ਆਪਣੇ ਤੌਰ ‘ਤੇ ਜਾਸੂਸੀ ਕਰ ਕੇ ਵਿਆਹ ਕਰਵਾਉਣ ਦੇ ਇੱਛੁਕ ਲੜਕਿਆਂ ਦੇ ਨੁਕਸ ਕੱਢਦਾ ਹੈ ਅਤੇ ਉਨ੍ਹਾਂ ਦੇ ਵਿਆਹ ਤੁੜਵਾਉਂਦਾ ਹੈ। ਉਸ ਦੀ ਆਪਣੀ ਪ੍ਰੇਮਿਕਾ (ਨੇਹਾ ਪੇਂਡਸੇ) ਦਾ ਵਿਆਹ ਉਸ ਦੀ ਬਜਾਏ ਕਿਸੇ ਹੋਰ ਨਾਲ ਹੋ ਜਾਂਦਾ ਹੈ ਅਤੇ ਉਹ ਆਪਣੇ ਵਿਆਹ ਤੋਂ ਖ਼ੁਸ਼ ਨਹੀਂ ਸੀ। ਇਹੀ ਵਜ੍ਹਾ ਹੈ ਕਿ ਮੰਗਲ ਰਾਣੇ ਨੇ ਸਾਰੇ ਸ਼ਹਿਰ ਦੀਆਂ ਕੁੜੀਆਂ ਨੂੰ ਗ਼ਲਤ ਲੜਕਿਆਂ ਤੋਂ ਬਚਾਉਣ ਦੀ ਜ਼ਿੰਮੇਵਾਰੀ ਲੈ ਲਈਮ ਪਰ ਕਹਾਣੀ ‘ਚ ਟਵਿਸਟ ਓਦੋਂ ਆਉਂਦਾ ਹੈ ਜਦੋਂ ਉਹ ਸੂਰਜ (ਦਿਲਜੀਤ ਦੋਸਾਂਝ) ਦਾ ਵਿਆਹ ਤੁੜਵਾ ਦਿੰਦਾ ਹੈ। ਉਧਰ ਬਦਲਾ ਲੈਣ ‘ਤੇ ਉਤਾਰੂ ਸੂਰਜ ਨੂੰ ਮੰਗਲ ਦੀ ਭੈਣ ਤੁਲਸੀ (ਫ਼ਾਤਿਮਾ ਸਨਾ ਸ਼ੇਖ਼) ਨਾਲ ਹੀ ਪਿਆਰ ਹੋ ਜਾਂਦਾ ਹੈ। ਹੁਣ ਮੰਗਲ ਆਪਣੀ ਭੈਣ ਤੁਲਸੀ ਅਤੇ ਸੂਰਜ ਨੂੰ ਦੂਰ ਕਰਨ ਲਈ ਕਿਵੇਂ ਚਾਲ ਚੱਲਦਾ ਹੈ, ਇਹ ਜਾਣਨ ਲਈ ਤੁਹਾਨੂੰ ਫ਼ਿਲਮ ਦੇਖਣੀ ਹੋਵੇਗੀ।
ਤੇਰੇ ਬਿਨ ਲਾਦੇਨ ‘ਤੇ ‘ਪਰਮਾਣੂ: ਦਾ ਸਟੋਰੀ ਆਫ਼ ਪੋਖਰਣ ਦੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੀ ਇਸ ਫ਼ਿਲਮ ਦਾ ਫ਼ਰਸਟ ਹਾਫ਼ ਸੁਸਤ ਹੈ, ਪਰ ਸੈਕਿੰਡ ਹਾਫ਼ ‘ਚ ਫ਼ਿਲਮ ਆਪਣੀ ਰਫ਼ਤਾਰ ਫ਼ੜਦੀ ਹੈ। ਫ਼ਿਲਮ ‘ਚ ਸਾਫ਼-ਸੁਥਰੀ ਕੌਮੇਡੀ ਦੇਖਣ ਨੂੰ ਮਿਲਦੀ ਹੈ ਪਰ ਵਿਸ਼ੇ ਦੇ ਉਲਟ ਕਹਾਣੀ ‘ਚ ਕੌਮੇਡੀ ਦਾ ਤੜਕਾ ਹੋਰ ਜ਼ੋਰਦਾਰ ਹੋ ਸਕਦਾ ਸੀ। ਕੋਰੋਨਾ ਕਾਲ ‘ਚ ਲੌਕਡਾਊਨ ਦੌਰਾਨ OTT ‘ਤੇ ਜੋ ਦਰਸ਼ਕ ਡਾਰਕ ਕੌਨਟੈਂਟ ਦੇਖ ਕੇ ਥੱਕ ਚੁੱਕੇ ਹਨ, ਉਨ੍ਹਾਂ ਲਈ ਇਹ ਲਾਈਟ ਮਨੋਰੰਜਨ ਸਾਬਿਤ ਹੋ ਸਕਦੀ ਹੈ।

ਕਲਾਕਾਰਾਂ ਦਾ ਅਭਿਨੈ ਫ਼ਿਲਮ ਦਾ ਮੁੱਖ ਪਹਿਲੂ ਹੈ। ਮਨੋਜ ਬਾਜਪਾਈ ਨੇ ਫ਼ਿਲਮ ‘ਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਹੈ ਅਤੇ ਮੰਗਲ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਹੈ। ਦਿਲਜੀਤ ਦੋਸਾਂਝ ਵੀ ਸੂਰਜ ਦੇ ਕਿਰਦਾਰ ‘ਚ ਕਾਫ਼ੀ ਚਮਕਿਐ। ਫ਼ਾਤਿਮਾ ਸਨਾ ਸ਼ੇਖ਼ ਕਾਫ਼ੀ ਖ਼ੂਬਸੂਰਤ ਲੱਗੀ ਹੈ ਅਤੇ ਆਪਣੇ ਕਿਰਦਾਰ ਨੂੰ ਨਿਭਾਉਣ ‘ਚ ਸਫ਼ਲ ਰਹੀ ਹੈ। ਮਰਾਠੀ ਮਾਣੂਸ ਦੀ ਭੂਮਿਕਾ ‘ਚ ਅਨੂੰ ਕਪੂਰ ਨੇ ਖ਼ੂਬ ਰੰਗ ਬੰਨ੍ਹਿਆ ਹੈ। ਸੁਪ੍ਰੀਆ ਪਿਲਗਾਂਵਕਰ, ਮਨੋਜ ਪਾਹਵਾ, ਸੀਮਾ ਪਾਹਵਾ, ਵਿਜੈ ਰਾਜ ਤੇ ਨੇਹਾ ਪੇਂਡਸੇ ਵਰਗੇ ਸਹਿਯੋਗੀ ਕਲਾਕਾਰਾਂ ਨੇ ਵੀ ਖ਼ੂਬ ਸਾਥ ਦਿੱਤਾ ਹੈ।