Image Courtesy :jagbani(punjabkesari)

ਭਾਰਤੀ ਚੋਣ ਕਮਿਸ਼ਨ ਨੇ ਇੱਕ ਪੱਤਰ ਜਾਰੀ ਕਰ ਕੇ ਭਾਰਤੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪ੍ਰੋਡਿਊਸਰ ਸੋਨੂੰ ਸੂਦ ਨੂੰ ਪੰਜਾਬ ਸਟੇਟ ਲਈ ਆਈਕੌਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸ੍ਰੀ ਸੋਨੂੰ ਸੂਦ ਨੂੰ ਸਟੇਟ ਆਈਕੌਨ ਨਿਯੁਕਤ ਕਰਨ ਸਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਸੂਬੇ ‘ਚ ਸੋਨੂੰ ਸੂਦ ਨਾਲ ਮਿਲ ਕੇ ਲੋਕਾਂ ‘ਚ ਚੋਣ ਪ੍ਰੀਕਿਰਿਆ ਸਬੰਧੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਐਥੀਕਲ ਵੋਟਿੰਗ ਬਾਰੇ ਜ਼ਿਆਦਾ ਪ੍ਰਚਾਰ ਕੀਤਾ ਜਾਵੇਗਾ।
ਪੰਜਾਬ ਰਾਜ ਦੇ ਮੋਗਾ ਜ਼ਿਲ੍ਹਾ ਨਾਲ ਸਬੰਧਤ ਸ੍ਰੀ ਸੋਨੂੰ ਸੂਦ ਵੱਲੋਂ ਹਿੰਦੀ, ਤਾਮਿਲ ਤੇਲਗੂ ਕੰਨੜ, ਅਤੇ ਪੰਜਾਬੀ ਸਮੇਤ ਕਈ ਭਾਰਤੀ ਭਾਸ਼ਾਵਾਂ ‘ਚ ਬਣੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਸੂਦ ਵਲੋਂ ਲੋਕ ਭਲਾਈ ਲਈ ਬਹੁਤ ਕਾਰਜ ਕੀਤੇ ਜਾ ਰਹੇ ਹਨ। ਕੋਵਿਡ ਕਾਲ (ਕੋਰੋਨਾਵਾਇਰਸ) ਦੌਰਾਨ ਲਾਗੂ ਤਾਲਾਬੰਦੀ ਦੌਰਾਨ ਸ੍ਰੀ ਸੂਦ ਵਲੋਂ ਵੱਖ-ਵੱਖ ਥਾਵਾਂ ‘ਤੇ ਫ਼ਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣਾ ‘ਚ ਬਹੁਤ ਮਦਦ ਕੀਤੀ ਗਈ ਸੀ ਜਿਸ ਲਈ ਸਮਾਜ ਦੇ ਸਾਰੇ ਵਰਗਾਂ ਵਲੋਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕੋਵਿਡ ਦੋਰਾਨ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਡਿਵੈਲਪਮੈਂਟ ਪ੍ਰੋਗਰਾਮ ਵਲੋਂ ਉਨ੍ਹਾਂ ਨੂੰ SDG ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਫ਼ਿਲਮ ‘ਚ ਕੀਤੇ ਕੰਮ ਲਈ ਵੀ ਵੱਖ-ਵੱਖ ਰਾਜ ਸਰਕਾਰਾਂ ਵਲੋਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।