Image Courtesy :jagbani(punjabkesari)

ਜੰਮੂ-ਕਸ਼ਮੀਰ/ਨੈਸ਼ਨਲ ਡੈਸਕ — ਜੰਮੂ-ਕਸ਼ਮੀਰ ‘ਚ ਜੰਮੂ-ਕਸ਼ਮੀਰ ਕੌਮੀ ਮਾਰਗ ‘ਤੇ ਸਥਿਤ ਨਗਰੋਟਾ ਖੇਤਰ ‘ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ. ਓ. ਜੀ) ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਮਾਰੇ ਗਏ ਅੱਤਵਾਦੀਆਂ ਕੋਲੋਂ 11 ਏ. ਕੇ. 47 ਅਤੇ 29 ਗ੍ਰੇਨੇਡ ਮਿਲੇ ਹਨ।
ਸੁਰੱਖਿਆ ਬਲਾਂ ਵੱਲੋਂ ਇੰਝ ਢੇਰ ਕੀਤੇ ਗਏ ਚਾਰੋਂ ਅੱਤਵਾਦੀ
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਤੜਕੇ ਲਗਭਗ ਸਾਢੇ 5 ਵਜੇ ਨਗਰੋਟਾ ਦੇ ਜੰਗਲਾਤ ਖੇਤਰ ‘ਚ ਟੋਲ ਪਲਾਜ਼ਾ ਦੇ ਕੋਲ ਸ਼ੁਰੂ ਹੋਇਆ। ਮੁਠਭੇੜ ਤੋਂ ਬਾਅਦ ਹਾਈਵੇਅ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 3-4 ਅੱਤਵਾਦੀ ਟਰੱਕ ਜ਼ਰੀਏ ਜੰਮੂ-ਕਸ਼ਮੀਰ ਹਾਈਵੇਅ ਦੇ ਰਸਤੇ ਕਸ਼ਮੀਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਨਾਕੇ ‘ਤੇ ਅੱਤਵਾਦੀਆਂ ਨੂੰ ਘੇਰ ਲਿਆ।
ਅੱਤਵਾਦੀ ਫਾਇਰਿੰਗ ਕਰਦੇ ਹੋਏ ਜੰਗਲ ਵੱਲ ਭੱਜੇ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੂੰ ਕਸ਼ਮੀਰ ‘ਚ ਅੱਤਵਾਦੀਆਂ ਦੇ ਟਰੱਕ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਾਂਚ ਲਈ ਹਾਈਵੇਅ ‘ਤੇ ਨਾਕਾ ਲਗਾਇਆ ਗਿਆ ਸੀ। ਸੁਰੱਖਿਆ ਬਲਾਂ ਨੇ ਜਿਸ ਟਰੱਕ ਨੂੰ ਰੋਕਿਆ, ਉਸ ‘ਤੇ ਜੰਮੂ-ਕਸ਼ਮੀਰ ਦਾ ਨੰਬਰ ਲੱਗਾ ਹੋਇਆ ਹੈ। ਅੱਤਵਾਦੀਆਂ ਦੇ ਟਰੱਕ ‘ਚੋਂ ਵੱਡੀ ਮਾਤਰਾ ‘ਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਸੁਰੱਖਿਆ ਬਲਾਂ ਦਾ ਇਲਾਕੇ ‘ਚ ਅਜੇ ਸਰਚ ਆਪਰੇਸ਼ਨ ਜਾਰੀ ਹੈ। ਪੁਲਸ ਦੇ ਜਨਰਲ ਇੰਸਪੈਕਟਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਜੰਮੂ-ਕਸ਼ਮੀਰ ਰਾਸ਼ਟਰੀ ਰਾਜ ਮਾਰਗ ‘ਤੇ ਬਾਨ ਟੋਲ ਪਲਾਜ਼ਾ ਨੇੜੇ ਮੁਕਾਬਲੇ ‘ਚ ਚਾਰ ਅੱਤਵਾਦੀ ਢੇਰ ਹੋ ਗਏ ਅਤੇ ਐੱਸ. ਓ. ਜੀ. ਦੇ ਦੋ ਜਵਾਨ ਜ਼ਖ਼ਮੀ ਹੋਏ ਹਨ। ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਜਵਾਨਾਂ ਦੀ ਪਛਾਣ ਕੁਲਦੀਪ ਰਾਜ (ਅਖਨੂਰ) ਅਤੇ ਮੁਹੰਮਦ ਇਸ਼ਾਕ ਮਾਲਕ (ਨੀਲ ਕਾਸਿਮ ਬਨਿਹਾਲ, ਰਾਮਬਣ) ਦੇ ਰੂਪ ‘ਚ ਹੋਈ ਹੈ। ਦੋਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੈਂਬਰ ਸਨ ਅਤੇ ਹਾਲ ਹੀ ‘ਚ ਕੌਮਾਂਤਰੀ ਸਰਹੱਦ ਤੋਂ ਦਾਖ਼ਲ ਹੋਏ ਹਨ। ਜੰਮੂ ਕਸ਼ਮੀਰ ਖੇਤਰ ਦੇ ਇੰਪੈਸਕਟਰ ਜਨਰਲ ਪੁਲਸ ਵਿਜੇ ਕੁਮਾਰ ਨੇ ਕਿਹਾ ਕਿ ਨਗਰੋਟਾ-ਜੰਮੂ ਕੌਮੀ ਮਾਰਗ ‘ਤੇ ਹੋਏ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਘਾਟੀ ‘ਚ ਹੋਣ ਵਾਲੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ. ਡੀ. ਸੀ) ‘ਚ ਰੁਕਾਵਟ ਪਾਉਣਾ ਚਾਹੁੰਦੇ ਸਨ।
ਇੰਸਪੈਕਟਰ ਜਨਰਲ ਪੁਲਸ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੇਖਾ (ਐੱਲ. ਓ. ਸੀ) ਦੇ ਉਸ ਪਾਰ ਕਰੀਬ 250 ਤੋਂ 300 ਅੱਤਵਾਦੀ ਮੌਜੂਦ ਹਨ, ਜੋ ਕਸ਼ਮੀਰ ਘਾਟੀ ‘ਚ ਹੋਣ ਵਾਲੀ ਭਾਰੀ ਬਰਫ਼ਬਾਰੀ ਤੋਂ ਪਹਿਲਾਂ ਭਾਰਤੀ ਸਰਹੱਦ ‘ਚ ਘੁਸਪੈਠ ਕਰਨਾ ਚਾਹੁੰਦੇ ਹਨ ਪਰ ਸੁਰੱਖਿਆ ਬਲਾਂ ਦੇ ਜਵਾਨ ਪੂਰੀ ਤਰ੍ਹਾਂ ਚੌਕਸੀ ਨਾਲ ਮੁਸਤੈਦ ਹਨ ਅਤੇ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਣਗੇ। ਦਰਅਸਲ ਭਾਰੀ ਬਰਫ਼ਬਾਰੀ ਕਾਰਨ ਘੁਸਪੈਠ ਵਾਲੇ ਰਸਤੇ ਬੰਦ ਹੋ ਜਾਂਦੇ ਹਨ।
News Credit :jagbani(punjabkesari)