Image Courtesy :jagbani(punjabkesari)

ਨੈਸ਼ਨਲ ਡੈਸਕ : ਭਾਰਤ ਨੇ ਅਸਿੱਧੇ ਤੌਰ ‘ਤੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਅਫਗਾਨਿਸਤਾਨ ਉਦੋਂ ਸਫਲ ਹੋ ਸਕਦਾ ਹੈ ਜਦ ‘ਡੁਰੰਡ ਰੇਖਾ’ ਦੇ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਦਾ ਸੰਚਾਲਨ ਨਾ ਹੋਵੇ। ਭਾਰਤ ਨੇ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਸੁਰੱਖਿਆ ਪ੍ਰੀਸ਼ਦ ਨੂੰ ਅਜਿਹੀਆਂ ਤਾਕਤਾਂ ਖਿਲਾਫ ਸਪੱਸ਼ਟ ਬੋਲਣਾ ਚਾਹੀਦਾ ਹੈ।
ਡੁਰੰਡ ਰੇਖਾ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ 2,640 ਕਿਲੋਮੀਟਰ ਲੰਬੀ ਸੀਮਾ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ. ਐਸ. ਤਿਰਮੂਰਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਡਾ ਵਿਚਾਰ ਹੈ ਕਿ ਸ਼ਾਂਤੀ ਪ੍ਰਕਿਰਿਆ ਅਤੇ ਹਿੰਸਾ ਇੱਕਠੇ ਨਹੀਂ ਚੱਲ ਸਕਦੀਆਂ ਅਤੇ ਅਸੀਂ ਤੁਰੰਤ ਸੰਘਰਸ਼ ਵਿਰਾਮ ਦੀ ਮੰਗ ਕਰਦੇ ਹਾਂ। ਅਫਗਾਨਿਸਤਾਨ ‘ਚ ਲੰਬੇ ਸਮੇਂ ਦੀ ਸ਼ਾਂਤੀ ਲਈ ਸਾਨੂੰ ਡੁਰੰਡ ਰੇਖਾ ਦੇ ਪਾਰ ਤੋਂ ਸੰਚਾਲਿਤ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਰਾਂ ਨੂੰ ਖਤਮ ਕਰਨਾ ਹੋਵੇਗਾ। ਅਫਗਾਨਿਸਤਾਨ ‘ਚ ਸ਼ਾਂਤੀ ਪ੍ਰਕਿਰਿਆ ਨੂੰ ਸਮਰਥਨ ਦੇਣ ‘ਚ ਸੁਰੱਖਿਆ ਪ੍ਰੀਸ਼ਦ ਦੀ ਭੂਮਿਕਾ ਵਿਸ਼ੇ ‘ਤੇ ਆਯੋਜਿਤ ਏਰੀਆ ਫਾਰਮੂਲਾ ਬੈਠਕ ‘ਚ ਉਨ੍ਹਾਂ ਨੇ ਕਿਹਾ ਕਿ ਅਲਕਾਇਦਾ/ਦਾਸ਼ ਪ੍ਰਤੀਬੰਧ ਕਮੇਟੀ ਦੇ ਤਹਿਤ ਵਿਸ਼ਲੇਸ਼ਣ ਸਹਾਇਤਾ ਅਤੇ ਸੈਂਕਸ਼ਨ ਮਾਨਟਰਿੰਗ ਟੀਮ ਦੀ ਰਿਪੋਰਟ ‘ਚ ਇਹ ਰੇਖਾਂਕਿਤ ਕੀਤਾ ਗਿਆ ਹੈ ਕਿ ਅਫਗਾਨਿਸਤਾਨ ‘ਚ ਵਿਦੇਸ਼ੀ ਲੜਾਕੂ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ‘ਚ ਹਿੰਸਾ ਨੂੰ ਖਤਮ ਕਰਨ ਲਈ ਅੱਤਵਾਦੀਆਂ ਦੀ ਸਪਲਾਈ ਲੜੀ ਤੋੜਨੀ ਹੋਵੇਗੀ। ਤਿਰਮੂਰਤੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਹਿੰਸਾ ਅਤੇ ਅੱਤਵਾਦੀ ਤਾਕਤਾਂ ਖਿਲਾਫ ਸਪੱਸ਼ਟ ਤੌਰ ‘ਤੇ ਬੋਲੇ ਅਤੇ ਅੱਤਵਾਦੀ ਟਿਕਾਣਿਆਂ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਾਂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਕਿਸੇ ਦੇਸ਼ ਦਾ ਨਾਮ ਲਏ ਬਗੈਰ ਕਿਹਾ ਕਿ ਅਫਗਾਨਿਸਤਾਨ ਉਦੋਂ ਸਫਲ ਹੋ ਸਕਦਾ ਹੈ ਜਦ ਡੁਰੰਡ ਰੇਖਾ ਦੇ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਦਾ ਸੰਚਾਲਨ ਨਹੀਂ ਹੈ।
News Credit :jagbani(punjabkesari)