Image Courtesy :jagbani(punjabkesari)

ਅੰਮ੍ਰਿਤਸਰ : ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣਾ ਦੇ ਹਰੇਕ ਗੋਰਖਧੰਦੇ ਦੀ ਰਾਜ਼ਦਾਰ ਮਨਪ੍ਰੀਤ ਕੌਰ ਉਰਫ ‘ਰੀਤ’ ਨੂੰ ਅੱਜ ਮਾਣਯੋਗ ਅਦਾਲਤ ਦੇ ਹੁਕਮਾਂ ‘ਤੇ ਜਾਂਚ ਲਈ 3 ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ। ਅੰਮ੍ਰਿਤਸਰ ਬਾਰਡਰ ਰੇਂਜ ਦੀ ਸਪੈਸ਼ਲ ਟਾਸਕ ਫੋਰਸ ਨੇ ‘ਰੀਤ’ ਨੂੰ ਪਿਛਲੀ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ । ਐੱਸ. ਟੀ. ਐੱਫ਼. ਹੁਣ ‘ਰੀਤ’ ਤੋਂ ਕਈ ਰਾਜ਼ ਉਗਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੰਬੇ ਸਮੇਂ ਤੋਂ ਸਾਬਕਾ ਸਰਪੰਚ ਗੁਰਦੀਪ ਦੇ ਨਾਲ ਜੁੜੀ ‘ਰੀਤ’ ਉਸਦੇ ਹਰ ਲੈਣ-ਦੇਣ ਅਤੇ ਅਪਰਾਧ ‘ਚ ਹਿੱਸੇਦਾਰ ਸੀ, ਜੋ ਪੁਲਸ ਨੂੰ ਸਰਪੰਚ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਏਗੀ।
ਦੱਸਣਯੋਗ ਹੈ ਕਿ 16-17 ਜਨਵਰੀ 2020 ਨੂੰ ਆਸਟਰੇਲੀਆ ਤੋਂ ਭਾਰਤ ਆਇਆ ਰਵੇਜ ਸਿੰਘ ਲਾਕਡਾਊਨ ਦੌਰਾਨ ਭਾਰਤ ਵਿਚ ਹੀ ਫਸ ਗਿਆ ਸੀ ਅਤੇ ਉਹ ਇਕ ਡੇਰੇ ‘ਤੇ ਆਉਂਦਾ-ਜਾਂਦਾ ਸੀ। ਇਸ ਤੋਂ ਬਾਅਦ ਸਾਬਕਾ ਅਕਾਲੀ ਸਰਪੰਚ ਉਸ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਨੇ ਪੰਜਾਬ ਵਿਚ ਨਸ਼ੇ ਦੀ ਖੇਡ ਸ਼ੁਰੂ ਕੀਤੀ । ਜੇਲ ‘ਚੋਂ ਨਸ਼ੇ ਦੀ ਖੇਪ ਆਪ੍ਰੇਟ ਕਰਨ ਵਾਲਾ ਸ਼ੈਂਟੀ ਇਨ੍ਹਾਂ ਨਾਲ ਜੁੜਿਆ ਅਤੇ ਹੈਰੋਇਨ ਦਾ ਕਾਰੋਬਾਰ ਜ਼ੋਰਾਂ ਨਾਲ ਚੱਲਣ ਲੱਗਾ। ਇਸ ਦੌਰਾਨ ਡਰੱਗ ਮਨੀ ਦੇ ਇਕੱਠੇ ਹੋਏ 4. 5 ਕਰੋੜ ਰੁਪਏ ਰਵੇਜ ਨੇ ਆਪਣੇ ਸਹੁਰੇ ਘਰ ਰੱਖੇ ਸਨ। ਜਦੋਂ ਇਸਦੀ ਭਿਣਕ ਸਰਪੰਚ ਗੁਰਦੀਪ ਨੂੰ ਲੱਗੀ ਤਾਂ ਉਹ ਪੁਲਸ ਦੀ ਵਰਦੀ ‘ਚ ਉਸਦੇ ਸਹੁਰੇ ਘਰ ਗਿਆ ਅਤੇ ਸਾਰਾ ਪੈਸਾ ਉੱਥੋਂ ਲੈ ਗਿਆ। ਇਸ ਡਕੈਤੀ ਸਮੇਂ ‘ਰੀਤ’ ਵੀ ਉਸਦੇ ਨਾਲ ਸੀ।
ਇਸ ਕਾਰਣ ਸਰਪੰਚ ਅਤੇ ਰਵੇਜ ਵਿਚ ਲੜਾਈ ਸ਼ੁਰੂ ਹੋ ਗਈ ਅਤੇ ਇਸ ਦੀ ਭਿਣਕ ਐੱਸ. ਟੀ. ਐੱਫ. ਨੂੰ ਲੱਗ ਗਈ। ਇਸ ਤੋਂ ਬਾਅਦ ਟਰੈਪ ਲਾ ਕੇ ਸਰਪੰਚ ਗੁਰਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਲਹਾਲ ਪੁਲਸ ਗ੍ਰਿਫ਼ਤਾਰ ਕੀਤੀ ਗਈ ‘ਰੀਤ’ ਤੋਂ ਪੁੱਛਗਿਛ ਕਰ ਰਹੀ ਹੈ, ਜਦੋਂ ਕਿ ਸਾਬਕਾ ਸਰਪੰਚ ਗੁਰਦੀਪ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ‘ਤੇ ਜੂਡੀਸ਼ੀਅਲ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ।
News Credit :jagbani(punjabkesari)