Image Courtesy :jagbani(punjabkesari)

ਸਿਡਨੀ – ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਟੈੱਸਟ ਮੈਚਾਂ ਤੋਂ ਬਾਹਰ ਹੋ ਗਏ ਹਨ ਅਤੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਦੇ ਬਾਕੀ ਦੋ ਟੈੱਸਟਾਂ ਵਿੱਚ ਉਨ੍ਹਾਂ ਦਾ ਖੇਡਣਾ ਅਜੇ ਵੀ ਸ਼ੱਕ ਦੇ ਘੇਰੇ ਵਿੱਚ ਹੈ। ਰੋਹਿਤ ਹੈਮਸਟਰਿੰਗ ਸੱਟ ਤੋਂ ਅਤੇ ਈਸ਼ਾਨ ਪਸਲੀਆਂ ਵਿੱਚ ਖਿਚਾਅ ਦੀ ਪਰੇਸ਼ਾਨੀ ਤੋਂ ਉਬਰ ਰਿਹਾ ਹੈ। ਦੋਹਾਂ ਨੂੰ ਇਹ ਸੱਟ UAE ਵਿੱਚ IPL ਦੌਰਾਨ ਲੱਗੀ ਸੀ। ਇਸ਼ਾਂਤ ਤਾਂ IPL ਵਿਚਾਲੇ ਛੱਡ ਕੇ ਆਪਣੇ ਦੇਸ਼ ਪਰਤ ਆਇਆ ਸੀ ਜਦੋਂਕਿ ਰੋਹਿਤ ਆਪਣੀ ਟੀਮ ਮੁੰਬਈ ਇੰਡੀਅਨਜ਼ ਨੂੰ ਪੰਜਵੀਂ ਵਾਰ IPL ਚੈਂਪੀਅਨ ਬਣਾ ਕੇ ਆਪਣੇ ਦੇਸ਼ ਪਰਤਿਆ ਸੀ। ਦੋਵੇਂ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ ਵਿੱਚ ਰਿਹੈਬਲੀਟੇਸ਼ਨ ਤੋਂ ਗੁਜ਼ਰ ਰਹੇ ਸਨ।
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਵਿੱਚ ਕਿਹਾ ਸੀ ਕਿ ਜੇਕਰ ਦੋਵਾਂ ਖਿਡਾਰੀਆਂ ਨੇ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈੱਸਟ ਸੀਰੀਜ਼ ਵਿੱਚ ਹਿੱਸਾ ਲੈਣਾ ਹੈ ਤਾਂ ਉਨ੍ਹਾਂ ਨੂੰ 26 ਨਵੰਬਰ ਤਕ ਆਸਟਰੇਲੀਆ ਪਹੁੰਚਣਾ ਹੋਵੇਗਾ। ਸ਼ਾਸਤਰੀ ਦੇ ਇਸ ਬਿਆਨ ਦੇ ਕੁੱਝ ਦਿਨਾਂ ਬਾਅਦ ਹੀ ਇਹ ਖ਼ਬਰ ਸਾਹਮਣੇ ਆ ਗਈ ਹੈ ਕਿ ਰੋਹਿਤ ਅਤੇ ਇਸ਼ਾਂਤ ਪਹਿਲੇ ਦੋ ਟੈੱਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦਾ ਬਾਕੀ ਦੋ ਟੈੱਸਟ ਮੈਚਾਂ ਵਿੱਚ ਹਿੱਸਾ ਲੈਣਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਤੁਰੰਤ ਕਾਰਵਾਈ ‘ਤੇ ਨਿਰਭਰ ਕਰੇਗਾ।
ਇੱਕ ਨਿਊਜ਼ ਰਿਪੋਰਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਸ਼ਾਂਤ ਨੇ ਗੇਂਦਬਾਜ਼ੀ ਫ਼ਿਟਨੈੱਸ ਤਾਂ ਹਾਸਿਲ ਕਰ ਲਈ ਹੈ, ਪਰ ਉਸ ਨੂੰ ਟੈੱਸਟ ਮੈਚ ਲਈ ਤਿਆਰ ਹੋਣ ਲਈ ਚਾਰ ਹਫ਼ਤਿਆਂ ਦੇ ਵਰਕਲੋਡ ਦੀ ਜ਼ਰੂਰਤ ਹੈ। ਆਸਟਰੇਲੀਆ ਵਿੱਚ 14 ਦਿਨਾਂ ਦਾ ਇਕਾਂਤਵਾਸ ਜ਼ਰੂਰੀ ਹੈ। ਇਸ ਦਾ ਮਤਲਬ ਉਹ ਦੋ ਹਫ਼ਤੇ ਬਾਅਦ ਹੀ ਟਰੇਨਿੰਗ ਸ਼ੁਰੂ ਕਰ ਸਕਦੈ। ਉਸ ਤੋਂ ਬਾਅਦ ਚਾਰ ਹਫ਼ਤਿਆਂ ਦੀ ਟਰੇਨਿੰਗ ਨੂੰ ਜੋੜੀਏ ਤਾਂ ਤੀਜੇ ਟੈੱਸਟ ਲਈ ਤਿਆਰ ਹੋ ਸਕਦੇ ਹਨ ਜੋ ਅਗਲੇ ਸਾਲ 7 ਜਨਵਰੀ ਤੋਂ ਸਿਡਨੀ ਵਿੱਚ ਸ਼ੁਰੂ ਹੋਵੇਗਾ।
ਉਥੇ ਹੀ IPL ਦੌਰਾਨ ਹੈਮਸਟਰਿੰਗ ਦੀ ਸੱਟ ਨਾਲ ਜੂਝਣ ਵਾਲੇ ਰੋਹਿਤ ਸ਼ਰਮਾ ਨੂੰ ਪੂਰੀ ਤਰ੍ਹਾਂ ਨਾਲ ਫ਼ਿਟਨੈੱਸ ਹਾਸਿਲ ਕਰਨ ਵਿੱਚ ਥੋੜ੍ਹਾ ਹੋਰ ਸਮਾਂ ਲੱਗੇਗਾ। ਉਸ ਨੂੰ ਦਸੰਬਰ ਦੇ ਦੂਜੇ ਹਫ਼ਤੇ ਵਿੱਚ ਹੀ ਯਾਤਰਾ ਦੀ ਮਨਜ਼ੂਰੀ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਰੀਹੈਬ ਦੀ ਜ਼ਰੂਰਤ ਹੋਵੇਗੀ ਜਿਸ ਤੋਂ ਬਾਅਦ ਫ਼ਾਈਨਲ ਮੁਲਾਂਕਣ ਕੀਤਾ ਜਾਵੇਗਾ। BCCI ਦੇ ਅਧਿਕਾਰੀ ਅਨੁਸਾਰ ਰੋਹਿਤ ਕੋਲ ਟੈੱਸਟ ਸੀਰੀਜ਼ ਵਿੱਚ ਸ਼ਾਮਿਲ ਹੋਣ ਦਾ ਚੰਗਾ ਮੌਕਾ ਸੀ ਜੇਕਰ ਉਹ ਬਾਕੀ ਟੀਮ ਮੈਂਬਰਾਂ ਨਾਲ UAE ਤੋਂ ਸਿੱਧਾ ਆਸਟਰੇਲੀਆ ਲਈ ਉਡਾਣ ਭਰ ਲੈਂਦਾ। ਜੇਕਰ ਰੋਹਿਤ ਜਲਦ ਤੋਂ ਜਲਦ ਸੰਭਾਵਿਕ ਤਾਰੀਖ ‘ਤੇ ਨਿਕਲਦਾ ਹੈ, ਜੋ 8 ਦਸੰਬਰ ਹੈ, ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ 22 ਦਸੰਬਰ ਤਕ ਉਹ ਟਰੇਨਿੰਗ ‘ਤੇ ਪਰਤ ਸਕੇਗਾ।