Image Courtesy :m.punjabi.bollywoodtadka

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਹਾਲ ਹੀ ‘ਚ ਰਿਲੀਜ਼ ਹੋਈ ਉਸ ਦੀ ਫ਼ਿਲਮ ਸੂਰਜ ਪੇ ਮੰਗਲ ਭਾਰੀ ਲਈ ਮਰਾਠੀ ਸਿੱਖਣੀ ਪਈ ਅਤੇ ਉਸ ਨੇ ਮੰਨਿਆ ਕਿ ਨਵੀਂ ਭਾਸ਼ਾ ਸਿੱਖਣਾ ਕੋਈ ਸੌਖਾ ਕੰਮ ਨਹੀਂ ਸੀ।
ਦਿਲਜੀਤ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਮਨੁੱਖ ਆਪਣੇ ਪਿਆਰ ਲਈ ਹੀ ਕਰਦਾ ਹੈ। ਫ਼ਿਲਮ ਵਿਚਲੇ ਰੋਲ ਦੇ ਹਿਸਾਬ ਨਾਲ ਉਸ ਨੂੰ ਆਪਣੇ ਪਿਆਰ ਲਈ ਮਰਾਠੀ ਸਿੱਖਣੀ ਪਈ। ਫ਼ਿਲਮ ‘ਚ ਉਹ ਕਈ ਥਾਈਂ ਮਰਾਠੀ ਭਾਸ਼ਾ ਬੋਲਦਾ ਦਿਖਾਈ ਦਿੰਦਾ ਹੈ। ਇਸ ਫ਼ਿਲਮ ‘ਚ ਉਸ ਨੇ ਮੁੰਬਈ ਦੇ ਇੱਕ ਲੜਕੇ ਦਾ ਕਿਰਦਾਰ ਨਿਭਾਇਐ। ਦਲਜੀਤ ਨੇ ਦੱਸਿਆ, ”ਨਵੀਂ ਭਾਸ਼ਾ ਸਿੱਖਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ, ਪਰ ਇਸ ਫ਼ਿਲਮ ‘ਚ ਇਸ ਦੀ ਲੋੜ ਸੀ। ਫ਼ਿਲਮ ‘ਚ ਮੇਰੇ ਕਿਰਦਾਰ ਨੇ ਫ਼ਾਤਿਮਾ ਸਨਾ ਸ਼ੇਖ਼ ਦੇ ਕਿਰਦਾਰ ਨੂੰ ਰਿਝਾਉਣ ਲਈ ਇਨ੍ਹਾਂ ਪਿਆਰੀਆਂ ਮਰਾਠੀ ਲਾਈਨਾਂ ਦੀ ਵਰਤੋਂ ਕੀਤੀ। ਇਹ ਦ੍ਰਿਸ਼ ਦਿਲ ਖਿੱਚਵੇਂ ਹਨ। ਆਪਣੇ ਕੀਤੇ ਕੰਮ ਨੂੰ ਦੇਖ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਖ਼ਾਸ ਕਰ ਜਦੋਂ ਤੁਹਾਡੇ ਵਲੋਂ ਕੀਤੀ ਮਿਹਨਤ ਫ਼ਿਲਮ ਦੇ ਕਿਰਦਾਰ ‘ਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ‘ਚ ਇੱਕ ਸਿੱਧੇ-ਸਾਧੇ ਪਿਆਰ ਦੀ ਗੱਲ ਹੈ ਜਿਹੜਾ ਅੱਜਕਲ ਆਮ ਨਹੀਂ।”
ਡਾਇਰੈਕਟਰ ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਕਾਮੇਡੀ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਸੂਰਜ ਪੇ ਮੰਗਲ ਭਾਰੀ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਮਗਰੋਂ ਸਿਨੇਮਾਘਰਾਂ ‘ਚ ਲੱਗਣ ਵਾਲੀ ਪਹਿਲੀ ਬੌਲੀਵੁਡ ਫ਼ਿਲਮ ਹੈ। ਦਿਲਜੀਤ ਨੇ ਆਪਣੇ ਟਵਿਟਰ ਹੈਂਡਲ ‘ਤੇ ਫ਼ਿਲਮ ਦੇਖਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਦਾ ਉੱਦਮ ਕੀਤਾ ਹੈ।