Image Courtesy :nine

ਸਿਡਨੀ – ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਭਾਰਤ ਵਿਰੁੱਧ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਮੰਗਲਵਾਰ ਨੂੰ ਹੁੰਕਾਰ ਭਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਲੈਅ ਹਾਸਿਲ ਕਰ ਲਈ ਹੈ ਅਤੇ ਉਹ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਸਮਿਥ ਨੇ ਮਹੀਨੇ ਦੀ ਸ਼ੁਰੂਆਤ ਵਿੱਚ ਖਤਮ ਹੋਏ IPLL ਵਿੱਚ ਕੁਲ 14 ਮੁਕਾਬਲੇ ਖੇਡੇ ਸਨ ਅਤੇ ਉਹ ਇਸ ਸੈਸ਼ਨ ਦੌਰਾਨ ਬੱਲੇ ਨਾਲ ਖ਼ਾਸ ਲੈਅ ਵਿੱਚ ਨਹੀਂ ਦਿਸਿਆ ਸੀ। ਉਸ ਨੇ ਇਸ ਦੌਰਾਨ ਸਿਰਫ਼ 311 ਦੌੜਾਂ ਹੀ ਬਣਾਈਆਂ ਅਤੇ ਉਹ ਆਪਣੀ ਟੀਮ ਨੂੰ ਪਲੇਅ ਔਫ਼ ਵਿੱਚ ਪਹੁੰਚਣ ਵਿੱਚ ਵੀ ਸਫ਼ਲ ਨਹੀਂ ਹੋ ਸਕਿਆ। ਉਸ ਨੇ ਹਾਲਾਂਕਿ ਇਹ ਵੀ ਸਵੀਕਾਰ ਕੀਤਾ ਕਿ ਉਹ IPL ਵਿੱਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਬੇਹੱਦ ਨਿਰਾਸ਼ ਸੀ।
ਆਸਟਰੇਲੀਆਈ ਬੱਲੇਬਾਜ਼ ਨੇ ਭਾਰਤ ਵਿਰੁੱਧ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸਮਿਥ ਨੇ ਕਿਹਾ, ”ਪਿਛਲੇ ਕੁੱਝ ਦਿਨਾਂ ਤੋਂ ਮੈਂ ਬੱਲੇ ਦੇ ਨਾਲ ਚੰਗੀ ਲੈਅ ਵਿੱਚ ਹਾਂ ਜਿਸ ਨੂੰ ਲੈ ਕੇ ਮੈਂ ਬੇਹੱਦ ਉਤਸ਼ਿਹਤ ਹਾਂ। ਇਹ ਲੈਅ ਹਾਸਿਲ ਕਰਨ ਵਿੱਚ ਮੈਨੂੰ 3 ਤੋਂ 4 ਮਹੀਨੇ ਲੱਗ ਗਏ ਤੇ ਹੁਣ ਮੇਰੇ ਚਿਹਰੇ ‘ਤੇ ਵੱਡੀ ਸਾਰੀ ਮੁਸਕਰਾਹਟ ਹੈ। ਮੈਂ ਕੁੱਝ ਦਿਨ ਪਹਿਲਾਂ ਟੀਮ ਦੇ ਸਹਾਇਕ ਕੋਚ ਐਂਡ੍ਰਿਊ ਮੈਕਡੌਨਲਡ ਕੋਲ ਵੀ ਗਿਆ ਸੀ ਅਤੇ ਉਸ ਨੂੰ ਦੱਸਿਆ ਸੀ ਕਿ ਮੈਂ ਆਪਣੀ ਲੈਅ ਨੂੰ ਫ਼ਿਰ ਤੋਂ ਹਾਸਿਲ ਕਰ ਲਿਆ ਹੈ।”
ਜ਼ਿਕਰਯੋਗ ਹੈ ਕਿ ਸਮਿਥ ਭਾਰਤ ਵਿਰੁੱਧ ਸੀਰੀਜ਼ ਤੋਂ ਪਹਿਲਾਂ ਅਭਿਆਸ ਵਿੱਚ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਨੇ ਕਿਹਾ, ”ਵੈਸੇ ਤਾਂ ਇਹ ਬੇਹੱਦ ਸਾਧਾਰਣ ਗੱਲ ਹੈ ਪਰ ਹੁਣ ਮੇਰੇ ਹੱਥ ਬੱਲੇ ‘ਤੇ ਚੰਗੀ ਤਰ੍ਹਾਂ ਨਾਲ ਟਿਕ ਰਹੇ ਹਨ ਤੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ।”