ਹਰਿਆਣਵੀ ਡਾਂਸਰ ਸਪਨਾ ਚੌਧਰੀ ਕਾਫ਼ੀ ਸਮੇਂ ਤੋਂ ਆਪਣੀ ਲਾਈਵ ਸਟੇਜ ਪੇਸ਼ਕਾਰੀ ਨੂੰ ਮਿਸ ਕਰ ਰਹੀ ਸੀ। ਉਸ ਨੇ ਇਹ ਗੱਲ ਕਈ ਵਾਰ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ। ਲੌਕਡਾਊਨ ਤੋਂ ਬਾਅਦ ਡਾਂਸਿੰਗ ਕੁਈਨ ਨੇ ਇੱਕ ਵਾਰ ਮੁੜ ਦਮਦਾਰ ਪੇਸ਼ਕਾਰੀ ਨਾਲ ਸਟੇਜ ‘ਤੇ ਵਾਪਸੀ ਕੀਤੀ ਹੈ। ਸਪਨਾ ਨੇ ਇਨਸਟਾਗ੍ਰੈਮ ‘ਤੇ ਇੱਕ ਜ਼ਬਰਦਸਤ ਡਾਂਸ ਵੀਡੀਓ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਪਨਾ ਨੇ ਅਕਤੂਬਰ ਮਹੀਨੇ ‘ਚ ਬੇਟੇ ਨੂੰ ਜਨਮ ਦਿੱਤਾ ਹੈ। ਬੇਟੇ ਦੇ ਜਨਮ ਤੋਂ ਬਾਅਦ ਸਪਨਾ ਪਹਿਲੀ ਵਾਰ ਸਟੇਜ ‘ਤੇ ਨਜ਼ਰ ਆਈ ਹੈ।
ਹਰਿਆਣਵੀ ਕੁਈਨ ਇਸ ਵੀਡੀਓ ‘ਚ ਲਾਲ ਰੰਗ ਦਾ ਸੂਟ ਪਹਿਨ ਕੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਪਨਾ ਵੀਡੀਓ ‘ਚ ਹਰਿਆਣਵੀ ਗੀਤ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਪਨਾ ਦੇ ਇਸ ਡਾਂਸ ਵੀਡੀਓ ਨੂੰ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਨਾਲ ਹੀ ਉਸ ਦੇ ਚਾਹੁਣ ਵਾਲੇ ਉਸ ਦੀ ਸਟੇਜ ‘ਤੇ ਵਾਪਸੀ ਤੋਂ ਕਾਫ਼ੀ ਖ਼ੁਸ਼ ਹੈ ਅਤੇ ਕੌਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸਪਨਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵੀ ਸ਼ਾਨਦਾਰ ਲਿਖੀ ਹੈ। ਉਨ੍ਹਾਂ ਲਿਖਿਆ, ”ਵੈਲਕਮ ਅਗੇਨ ਟੂ ਮੀ।”
ਇਸ ਸਾਲ ਦੀ ਸ਼ੁਰੂਆਤ ‘ਚ ਸਪਨਾ ਚੌਧਰੀ ਨੇ ਹਰਿਆਣਾ ਦੇ ਪ੍ਰਸਿੱਧ ਗਾਇਕ ਵੀਰ ਸਾਹੂ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਫ਼ੈਨਜ਼ ਕਾਫ਼ੀ ਹੈਰਾਨ ਰਹਿ ਗਏ ਸਨ। ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ‘ਚ ਸਪਨਾ ਨੇ ਆਪਣੇ ਨਵੇਂ ਫ਼ੋਟੋਸ਼ੂਟ ਦੀਆਂ ਤਸਵੀਰਾਂ ਵੀ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤੀਆਂ ਸਨ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਖੱਟੀ ਸੀ। ਦੱਸਣਯੋਗ ਹੈ ਕਿ ਸਪਨਾ TV ਰਿਐਲਿਟੀ ਸ਼ੋਅ ਬਿੱਗ ਬੌਸ 11 ‘ਚ ਵੀ ਨਜ਼ਰ ਆ ਚੁੱਕੀ ਹੈ। ਸਪਨਾ ਚੌਧਰੀ ਨੇ ਹਰਿਆਣਾ ਦੀ ਇੱਕ ਔਰਕੈਸਟਰਾ ਟੀਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।