Image Courtesy :punjabi.bollywoodtadka

ਪਿੰਡ ਟਿੱਬਾ (ਨੇੜੇ ਸ਼ੇਰਪੁਰ) ਦੀਆਂ ਗਲੀਆਂ ‘ਚ ਖੇਡ ਕੇ ਜਵਾਨ ਹੋਏ ਪਰਮਜੀਤ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਇਹ ਚੁੱਪ ਚੁਪੀਤਾ ਜਿਹਾ ਮੁੰਡਾ ਇੱਕ ਦਿਨ ਫ਼ਿਲਮੀ ਪਰਦੇ ‘ਤੇ ਸਰਦਾਰ ਸੋਹੀ ਬਣ ਕੇ ਸਰਦਾਰੀ ਕਾਇਮ ਕਰੇਗਾ। ਸਰਦਾਰ ਸੋਹੀ ਦਾ ਜਨਮ 20 ਨਵੰਬਰ ਨੂੰ ਹੋਇਆ। ਉਨ੍ਹਾਂ ਦਾ ਪਿੰਡ ਟਿੱਬਾ (ਨਾਨਕਾ ਪਿੰਡ) ਕਾਮਰੇਡਾਂ ਦਾ ਪਿੰਡ ਰਿਹਾ ਹੈ।
ਪਰਮਜੀਤ ਤੋਂ ਸਰਦਾਰ ਸੋਹੀ ਬਣਨ ਦਾ ਸਫ਼ਰ
ਪਰਮਜੀਤ ਤੋਂ ਸਰਦਾਰ ਸੋਹੀ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਹਰਪਾਲ ਟਿਵਾਣਾ ਦਾ ਚੰਡਿਆ ਹੋਇਆ ਇੱਕ ਚੇਲਾ ਹੈ ਸੋਹੀ। ਉਨ੍ਹਾਂ ਨੇ ਹਰਪਾਲ ਟਿਵਾਣਾ ਦੀ ਨਾਟਸ਼ਾਲਾ ‘ਚ 12 ਸਾਲ ਸ਼ਾਗਿਰਦੀ ਕੀਤੀ ਤਾਂ ਕਿਤੇ ਜਾ ਕੇ ਹਰਪਾਲ ਟਿਵਾਣਾ ਨੇ ਉਨ੍ਹਾਂ ਨੂੰ ਸਰਦਾਰ ਸੋਹੀ ਦਾ ਨਾਂ ਦਿੱਤਾ।
ਹਰ ਕਿਰਦਾਰ ‘ਚ ਪਾਉਂਦੇ ਨੇ ਜਾਨ
ਅੱਜ ਸਰਦਾਰ ਸੋਹੀ ਇੱਕ ਸਫ਼ਲ ਚਰਿੱਤਰ ਅਭਿਨੇਤਾ ਹਨ। ਕਈ ਦ੍ਰਿਸ਼ਾਂ ‘ਚ ਉਹ ਆਪ ਨਹੀਂ ਬੋਲਦੇ, ਉਨ੍ਹਾਂ ਦੀ ਅਦਾਕਾਰੀ ਬੋਲਦੀ ਹੈ। ਰੋਹਬਦਾਰ ਕਿਰਦਾਰਾਂ ਨਾਲ ਖੇਡਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਭਾਵੇਂ ਉਹ ਕਿਰਦਾਰ ਇੱਕ ਪੁਲੀਸ ਅਫ਼ਸਰ ਦਾ ਹੋਵੇ ਜਾਂ ਫ਼ਿਰ ਕਿਸੇ ਵੈਲੀ ਦਾ, ਹਰ ਕਿਰਦਾਰ ‘ਚ ਜਾਨ ਪਾਉਣਾ ਉਨ੍ਹਾਂ ਦੀ ਕਲਾਕਾਰੀ ਦਾ ਰੰਗ ਹੈ।
ਫ਼ਿਲਮਾਂ ਦੀਆਂ ਕਹਾਣੀਆਂ ਅਤੇ ਡਾਇਲੌਗਜ਼ ਵੀ ਲਿਖਦੇ ਨੇ
ਦਰਜਨਾਂ ਫ਼ਿਲਮਾਂ ‘ਚ ਅਦਾਕਾਰੀ ਕਰਨ ਦੇ ਨਾਲ-ਨਾਲ ਸਰਦਾਰ ਸੋਹੀ ਨੇ ਅਨੇਕਾਂ ਫ਼ਿਲਮਾਂ ਦੀਆਂ ਕਹਾਣੀਆਂ ਅਤੇ ਡਾਇਲੌਗਜ਼ ਵੀ ਲਿਖੇ। ਸਰਦਾਰ ਸੋਹੀ ਨੂੰ ਕਲਾ ਰੂਪੀ ਜਾਗ ਨਿਆਣੀ ਉਮਰੇ ਹੀ ਲੱਗ ਗਿਆ ਸੀ। ਉਨ੍ਹਾਂ ਦਾ ਪਿੰਡ ਟਿੱਬਾ ਕਾਮਰੇਡਾਂ ਦਾ ਪਿੰਡ ਹੋਣ ਕਾਰਨ ਲੋਕ ਲਹਿਰ ਦੇ ਸਿਰਕੱਢ ਬੁਲਾਰਿਆਂ ਤੇ ਸੰਗੀਤਕ ਕਾਮਰੇਡੀ ਡਰਾਮੇ ਕਰਨ ਵਾਲਿਆਂ ਦਾ ਇੱਥੇ ਬਹੁਤ ਆਉਣਾ-ਜਾਣਾ ਸੀ। ਸੋਹੀ ਨੇ ਦੱਸਿਆ, ”ਜਲਾਲਦੀਵਾਲ ਵਾਲਾ ਦਲੀਪ ਸਿੰਘ ਮਸਤ ਕਹਿੰਦਾ-ਕਹਾਉਂਦਾ ਕਾਮਰੇਡ ਬੁਲਾਰਾ ਸੀ ਜੋ ਅਕਸਰ ਮੇਰੇ ਨਾਨਾ ਜੀ ਕੋਲ ਆਉਂਦੇ ਸਨ। ਬਾਹਰਲੇ ਘਰ ਵੱਜਦੇ ਤੂੰਬੀ-ਢੋਲਕੀ ਵਾਲੇ ਮਾਹੌਲ ਨੇ ਮੈਨੂੰ ਵੀ ਪ੍ਰਭਾਵਿਤ ਕੀਤਾ। ਇਸੇ ਸਦਕਾ ਮੈਂ ਸਕੂਲ ‘ਚ ਗਾਉਣ ਲੱਗਾ। ਸ਼ਨੀਵਾਰ ਦੀ ਸਭਾ ‘ਚ ਮੈਂ ਚਾਹ ਦੇ ਨਸ਼ੇ ਬਾਰੇ ਗੀਤ ਗਾਉਂਦਾ ਜੋ ਬਹੁਤ ਸਲਾਹਿਆ ਜਾਂਦਾ। ਓਦੋਂ ਆਮ ਚਰਚਾ ਸੀ ਕਿ ਅੰਗਰੇਜ਼ ਜਾਣ ਲੱਗੇ ਦੁੱਧ-ਲੱਸੀਆਂ ਪੀਣ ਵਾਲੇ ਪੰਜਾਬੀਆਂ ਨੂੰ ਚਾਹ ਦੇ ਅਮਲ ‘ਤੇ ਲਾ ਗਏ।”
ਸਕੂਲ ਦੌਰਾਨ ਪਿਆ ਫ਼ਿਲਮਾਂ ਦੇਖਣ ਦਾ ਸ਼ੌਕ
ਸਕੂਲ-ਕਾਲਜ ‘ਚ ਪੜ੍ਹਦਿਆਂ ਸੋਹੀ ਨੂੰ ਫ਼ਿਲਮਾਂ ਦੇਖਣ ਦਾ ਸ਼ੌਕ ਪੈ ਗਿਆ ਜਿਸ ਨਾਲ ਉਸ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗਾ ਅਤੇ ਇਹੀ ਉਸ ਨੂੰ ਮੁੰਬਈ ਲੈ ਗਿਆ, ਪਰ ਉਸ ਅੰਦਰਲਾ ਕਲਾਕਾਰ ਅਜੇ ਕੱਚਾ ਸੀ। ਉਸਤਾਦ ਗੁਰੂ ਦਾ ਜਾਗ ਨਾ ਲੱਗਾ ਹੋਣ ਕਾਰਨ ਉਹ ਕੁੱਝ ਮਹੀਨੇ ਖੱਜਲ-ਖੁਆਰ ਹੋ ਕੇ ਪਿੰਡ ਮੁੜ ਆਇਆ ਅਤੇ ਹਲ ਦਾ ਮੁੰਨਾ ਫ਼ੜ ਬਾਪੂ ਨਾਲ ਖੇਤ ਦੀਆਂ ਵੱਟਾਂ ਮਿੱਧਣ ਲੱਗਾ। ਬਾਪੂ ਨੇ ਉਸ ਦਾ ਉਦਾਸ ਚਿਹਰਾ ਪੜ੍ਹ ਕੇ ਕਿਹਾ, ”ਜੇ ਤੇਰਾ ਮਨ ਐਕਟਰ ਬਣਨ ਦਾ ਹੀ ਹੈ ਤਾਂ ਜਾ ਆਪਣੀ ਮੰਜ਼ਿਲ ਲੱਭ ਲੈ ਪਰ ਕੁੱਝ ਬਣ ਕੇ ਹੀ ਮੁੜੀਂ।”
ਬਾਪ ਨੇ ਦਿੱਤੀ ਪੁੱਤਰ ਦੀ ਕਲਾ ਨੂੰ ਉਡਾਰੀ ਮਾਰਨ ਦੀ ਖੁੱਲ੍ਹ
ਸਰਦਾਰ ਸੋਹੀ ਦਾ ਬਾਪੂ ਇੱਕ ਸੁਲਝਿਆ ਹੋਇਆ ਬੰਦਾ ਸੀ। ਅੰਗਰੇਜ਼ਾਂ ਦੇ ਵੇਲੇ ਉਹ ਫ਼ੌਜ ‘ਚ ਵੈਦਗਿਰੀ ਦੀ ਨੌਕਰੀ ਕਰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਉਰਦੂ, ਫ਼ਾਰਸੀ ਅਤੇ ਪੰਜਾਬੀ ਸਮੇਤ ਕਈ ਜ਼ੁਬਾਨਾਂ ਦਾ ਗਿਆਨ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਭਾਵਨਾਵਾਂ ਨੂੰ ਪੜ੍ਹਿਆ ਅਤੇ ਉਸ ਨੂੰ ਕਲਾ ਦੇ ਅਸਮਾਨ ‘ਚ ਉਡਾਰੀ ਮਾਰਨ ਦੀ ਖੁੱਲ੍ਹ ਦੇ ਦਿੱਤੀ।
ਇਨ੍ਹਾਂ ਨਾਟਕਾਂ ‘ਚ ਕਰ ਚੁੱਕੈ ਕੰਮ
ਆਪਣੀ ਮੰਜ਼ਿਲ ਦੀ ਤਲਾਸ਼ ‘ਚ ਤੁਰਦੇ-ਫ਼ਿਰਦੇ ਸੋਹੀ ਨੂੰ ਉਸ ਦੇ ਇੱਕ ਖ਼ਾਸ ਮਿੱਤਰ ਨੇ ਹਰਪਾਲ ਟਿਵਾਣਾ ਦੇ ਦਰ ਦਾ ਕੁੰਡਾ ਖੜਕਾਉਣ ਦੀ ਸਲਾਹ ਦਿੱਤੀ। ਕਰੜੇ ਇਮਤਿਹਾਨਾਂ ‘ਚੋਂ ਲੰਘਦਿਆਂ, ਜੀ ਹਜ਼ੂਰੀ ਕਰਦਿਆਂ ਸੋਹੀ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਉਸ ਨੇ ਹਿੰਦ ਦੀ ਚਾਦਰ, ਚਮਕੌਰ ਦੀ ਗੜ੍ਹੀ, ਰਮਾਇਣ, ਦੀਵਾ ਬਲੇ ਸਾਰੀ ਰਾਤ, ਲੌਂਗ ਦਾ ਲਿਸ਼ਕਾਰਾ, ਮੇਲਾ ਮੁੰਡੇ ਕੁੜੀਆਂ ਦਾ, ਮੱਸਿਆ ਦੀ ਰਾਤ, ਚੰਡੀਗੜ੍ਹ ਮੁਸੀਬਤਾਂ ਦਾ ਘਰ, ਲੋਹਾ ਕੁੱਟ, ਆਦਿ ਨਾਟਕਾਂ ‘ਚ ਵੱਖ-ਵੱਖ ਕਿਰਦਾਰ ਖੇਡੇ।
ਲੌਂਗ ਦਾ ਲਿਸ਼ਕਾਰਾ ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਸਰਦਾਰ ਸੋਹੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਵੀ ਹਰਪਾਲ ਟਿਵਾਣਾ ਦੀ ਫ਼ਿਲਮ ਲੌਂਗ ਦਾ ਲਿਸ਼ਕਾਰਾ (1983) ਤੋਂ ਕੀਤੀ। ਉਨ੍ਹਾਂ ਦੀ ਦੂਜੀ ਫ਼ਿਲਮ ਦੀਵਾ ਬਲੇ ਸਾਰੀ ਰਾਤ ਨੇ ਸਰਦਾਰ ਸੋਹੀ ਨੂੰ ਉਸੇ ਮੁੰਬਈ ਪਹੁੰਚਾ ਦਿੱਤਾ ਜਿੱਥੋਂ ਕਦੇ ਉਹ ਨਿਰਾਸ਼ ਹੋ ਕੇ ਪਰਤੇ ਸਨ।
ਹਿੰਦੀ ਫ਼ਿਲਮਾਂ ‘ਚ ਵੀ ਅਜ਼ਮਾ ਚੁੱਕੇ ਨੇ ਕਿਸਮਤ
ਗ਼ੁਲਜ਼ਾਰ ਦੇ ਨਾਟਕ ਮਿਰਜ਼ਾ ਗ਼ਾਲਿਬ ਸਮੇਤ ਕਈ ਚਰਚਿਤ ਲੜੀਵਾਰਾਂ ‘ਚ ਕੰਮ ਕਰਨ ਤੋਂ ਇਲਾਵਾ ਕਈ ਹਿੰਦੀ ਫ਼ਿਲਮਾਂ – ਵਾਰਿਸ, ਵਿਜੈ ਸ਼ਕਤੀ, ਐਲਾਨ, ਪਿਆਸੀ ਨਿਗਾਹੇਂ, ਦਿਵਿਆ ਸ਼ਕਤੀ, ਸ਼ਹੀਦ ਭਗਤ ਸਿੰਘ, ਹਵਾਏਂ ਅਤੇ ਕਾਫ਼ਿਲਾ ਕੀਤੀਆਂ। ਪੰਜਾਬੀ ਫ਼ਿਲਮਾਂ ‘ਚ ਚੰਗਾ ਕੰਮ ਨਾ ਹੋਣ ਕਰ ਕੇ ਉਹ ਕਈ ਸਾਲ ਪੰਜਾਬੀ ਫ਼ਿਲਮਾਂ ਤੋਂ ਦੂਰ ਹੀ ਰਹੇ।
ਪੰਜਾਬੀ ਫ਼ਿਲਮ ਇੰਡਸਟਰੀ ਮਕੂਬਲ ਹੋਏ ਸੋਹੀ ਦਾ ਨਾਂ
1997 ‘ਚ ਆਈ ਪੰਜਾਬੀ ਫ਼ਿਲਮ ਮੇਲਾ ਨਾਲ ਉਹ ਪੰਜਾਬੀ ਫ਼ਿਲਮਾਂ ਲਈ ਮੁੜ ਸਰਗਰਮ ਹੋਏ। ਫ਼ਿਰ ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਬਾਗ਼ੀ ‘ਚ ਉਨ੍ਹਾਂ ਦੀ ਅਦਾਕਾਰੀ ਪੂਰੇ ਜਲੌਅ ‘ਤੇ ਰਹੀ। ਖੇਲ ਤਕਦੀਰਾਂ ਦੇ, ਲੱਗਦਾ ਇਸ਼ਕ ਹੋ ਗਿਆ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਜ਼ ਬਾਂਡ, ਕੈਰੀ ਆਨ ਜੱਟਾ, ਸਾਬ੍ਹ ਬਹਾਦਰ, ਦੁੱਲਾ ਭੱਟੀ, ਨਿੱਕਾ ਜ਼ੈਲਦਾਰ 2, ਆਟੇ ਦੀ ਚਿੜੀ, ਸੂਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ, ਬਲੱਡ ਸਟਰੀਟ, ਸਰਦਾਰ ਮੁਹੰਮਦ, ਆਦਿ ਦਰਜਨਾਂ ਚਰਚਿਤ ਪੰਜਾਬੀ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਏ।
ਜਿੱਤ ਚੁੱਕੇ ਨੇ ਕਈ ਐਵਾਰਡਜ਼
ਆਪਣੀ ਜ਼ਿੰਦਗੀ ‘ਚ ਮਸਤ ਰਹਿਣ ਵਾਲਾ ਸਰਦਾਰ ਸੋਹੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਲਾਕਾਰ ਹੈ। ਉਸ ਨੂੰ ਚੰਗੀ ਅਦਾਕਾਰੀ ਦੀਆਂ ਵੱਖ-ਵੱਖ ਵੰਨਗੀਆਂ ‘ਚ ਬਿਹਤਰੀਨ ਅਦਾਕਾਰੀ ਬਦਲੇ ਵਿਸ਼ੇਸ਼ ਐਵਾਰਡ ਵੀ ਮਿਲ ਚੁੱਕੇ ਹਨ। ਉਂਝ ਉਸ ਦਾ ਕਹਿਣਾ ਹੈ ਕਿ ਸਿਨੇਮਾ ਹਾਲ ‘ਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਨ੍ਹਾਂ ਦੇ ਅਸਲ ਐਵਾਰਡ ਹੁੰਦੇ ਹਨ।