Image Courtesy :pa.wikipedia

ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ਮੂਸਾ ਜੱਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ ਓਦੋਂ ਮਿਲੀ ਜਦੋਂ ਫ਼ਿਲਮ ਦੀ ਅਦਾਕਾਰਾ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀ ਇੱਕ ਤਸਵੀਰ ਸਾਂਝੀ ਕੀਤੀ। ਫ਼ਿਲਮ ‘ਚ ਮੁੱਖ ਅਦਾਕਾਰਾ ਵਜੋਂ ਸਵਰਗੀ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਨਜ਼ਰ ਆ ਰਹੀ ਹੈ। ਸਵੀਤਾਜ ਅਤੇ ਸਿੱਧੂ ਦੋਵਾਂ ਦੀ ਇਹ ਦੂਜੀ ਫ਼ਿਲਮ ਹੈ।
ਸਿੱਧੂ ਮੂਸੇ ਵਾਲਾ ਇਸ ਤੋਂ ਪਹਿਲਾਂ ਫ਼ਿਲਮ ਯੈੱਸ ਆਈ ਐਮ ਸਟੂਡੈਂਟ ਦੀ ਸ਼ੂਟਿੰਗ ਪੂਰੀ ਕਰ ਚੁੱਕੈ ਅਤੇ ਸਵੀਤਾਜ ਫ਼ਿਲਮ ਗੋਲੇ ਦੀ ਬੇਗੀ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਦੋਹਾਂ ਦੀਆਂ ਇਹ ਫ਼ਿਲਮਾਂ 2021 ‘ਚ ਰਿਲੀਜ਼ ਹੋਣਗੀਆਂ।
ਸਵੀਤਾਜ ਨੇ ਮੂਸਾ ਜੱਟ ਦੀ ਸ਼ੂਟਿੰਗ ਦੌਰਾਨ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਹਰ ਕੋਈ ਵੱਖਰੇ-ਵੱਖਰੇ ਕੈਮਰੇ ਨੂੰ ਦੇਖ ਰਿਹਾ ਹੈ। ਹਾ ਹਾ ਹਾ। ਵਾਹਿਗੁਰੂ ਮਿਹਰ ਕਰੇ। ਮੂਸਾ ਜੱਟ ਦੀ ਸ਼ੂਟਿੰਗ ਸ਼ੁਰੂ।”
ਦੱਸਣਯੋਗ ਹੈ ਕਿ ਮੂਸਾ ਜੱਟ ਫ਼ਿਲਮ ਫ਼੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ। ਫ਼ਿਲਮ ਰੁਪਾਲੀ ਗੁਪਤਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਸ ਨੂੰ ਡਾਇਰੈਕਟ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਗੁਰਿੰਦਰ ਡਿੰਪੀ ਨੇ ਲਿਖੀ ਹੈ। ਦੁਨੀਆ ਭਰ ‘ਚ ਇਹ ਫ਼ਿਲਮ 18 ਜੂਨ 2021 ਨੂੰ ਰਿਲੀਜ਼ ਹੋਵੇਗੀ।