Image Courtesy :jagbani(punjabkesari)

ਜੰਮੂ— ਜੰਮੂ-ਕਸ਼ਮੀਰ ‘ਚ ਸ਼ਨੀਵਾਰ ਨੂੰ ਜ਼ਿਲ੍ਹਾ ਵਿਕਾਸ ਕੌਂਸਲ (ਡੀ. ਡੀ. ਸੀ.) ਚੋਣਾਂ ਤੋਂ ਪਹਿਲਾਂ ਅਤੇ ਪੰਚਾਇਤੀ ਜ਼ਿਮਨੀ ਚੋਣਾਂ ਲਈ ਵੋਟਿੰਗ ਦੀ ਸ਼ੁਰੂਆਤ ਹੋ ਗਈ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 1,427 ਉਮੀਦਵਾਰ ਮੈਦਾਨ ਵਿਚ ਹਨ ਅਤੇ 7 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਸੂਬਾਈ ਚੋਣ ਕਮਿਸ਼ਨਰ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪਹਿਲੇ ਦੌਰ ਵਿਚ ਸੁਚਾਰੂ ਰੂਪ ਨਾਲ ਵੋਟਿੰਗ ਲਈ 2,146 ਵੋਟਿੰਗ ਕੇਂਦਰ ਬਣਾਏ ਗਏ ਹਨ।
ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ‘ਚ 7 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਨ੍ਹਾਂ 7 ਲੱਖ ਵੋਟਰਾਂ ‘ਚੋਂ ਕਸ਼ਮੀਰ ਡਵੀਜ਼ਨ ‘ਚ 3.72 ਲੱਖ ਵੋਟਰ ਹਨ ਅਤੇ ਜੰਮੂ ਡਵੀਜ਼ਨ ਵਿਚ 3.28 ਲੱਖ ਵੋਟਰ ਹਨ। ਬੀਤੇ ਸਾਲ 5 ਅਗਸਤ ਨੂੰ ਧਾਰਾ-370 ਹਟਾਉਣ ਤੋਂ ਬਾਅਦ ਪਹਿਲੀ ਵਾਰ ਇਹ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੈਣਗੀਆਂ।
ਸ਼ਰਮਾ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਜ਼ਿਲ੍ਹਾ ਵਿਕਾਸ ਕੌਂਸਲ (ਡੀ. ਡੀ. ਸੀ.) ਚੋਣਾਂ ਲਈ ਕੁੱਲ 280 ਚੋਣ ਖੇਤਰ ਹਨ। ਇਸ ਤੋਂ ਇਲਾਵਾ ਪੰਚਾਇਤੀ ਸੀਟਾਂ 13,241 ਹਨ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ 8 ਪੜਾਵਾਂ ਵਿਚ ਵੋਟਿੰਗ ਹੋਵੇਗੀ। ਜੋ ਕਿ ਅੱਜ ਯਾਨੀ ਕਿ 28 ਨਵੰਬਰ ਤੋਂ ਸ਼ੁਰੂ ਹੋ ਕੇ 19 ਦਸੰਬਰ ਤੱਕ ਚੱਲਣਗੀਆਂ ਅਤੇ ਨਤੀਜੇ 22 ਦਸੰਬਰ ਨੂੰ ਐਲਾਨੇ ਜਾਣਗੇ।
News Credit :jagbani(punjabkesari)