Image Courtesy :jagbani(punjabkesari)

ਨਵੀਂ ਦਿੱਲੀ — ਕਿਸਾਨੀ ਅੰਦੋਲਨ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਹੈ। ਅੱਜ ਅੰਦੋਲਨ ਦਾ 8ਵਾਂ ਦਿਨ ਹੈ। ਦਿੱਲੀ ਚਲੋ ਅੰਦੋਲਨ ‘ਚ ਪੰਜਾਬ ਤੋਂ ਕਿਸਾਨ ਹੀ ਨਹੀਂ ਬੀਬੀਆਂ ਵੀ ਸ਼ਾਮਲ ਹੋਈਆਂ ਹਨ। ਕਿਸਾਨਾਂ ਦਾ ਇਹ ਸੰਘਰਸ਼ ਹੱਕਾਂ ਦੀ ਲੜਾਈ ਲਈ ਹੈ। ਦਿੱਲੀ ਦੀਆਂ ਸੜਕਾਂ ‘ਤੇ ਡਟੀਆਂ ਮਾਨਸਾ ਦੀਆਂ ਬੀਬੀਆਂ ਨਾਲ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। ਇਹ ਬੀਬੀਆਂ ਇੱਥੇ ਕਿਸਾਨੀ ਸੰਘਰਸ਼ ‘ਚ ਜੁੱਟੀਆਂ ਹਨ ਅਤੇ ਲੰਗਰ ਪਕਾਉਣ ਦੀ ਸੇਵਾ ਨਿਭਾ ਰਹੀਆਂ ਹਨ। ਇਹ ਲੰਗਰ ਕਿਸਾਨਾਂ ਲਈ ਹੀ ਨਹੀਂ ਸਗੋਂ ਆਉਂਦੇ-ਜਾਂਦੇ ਹਰ ਰਾਹੀਗਰ ਲਈ ਹੈ।
ਗੱਲਬਾਤ ਦੌਰਾਨ ਇਕ ਬੀਬੀ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਸਾਡੇ ਲਈ ਕੁਝ ਕਰਦੀ ਨਹੀਂ ਅਸੀਂ ਇੱਥੋਂ ਨਹੀਂ ਜਾਂਦੇ, ਭਾਵੇਂ ਸਾਲ ਲੱਗ ਜਾਏ। ਇਕ ਹੋਰ ਬੀਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਹੱਕਾਂ ਦਾ ਹੱਲ ਕਰ ਦੇਵੇ। ਅਸੀਂ ਆਪਣੇ ਹੱਕ ਲੈਣ ਆਏ ਹਾਂ, ਅਸੀਂ ਆਪਣੇ ਹੱਕ ਲੈ ਕੇ ਹੀ ਮੁੜਾਂਗੇ। ਉਦੋਂ ਤੱਕ ਅਸੀਂ ਇੱਥੋਂ ਨਹੀਂ ਹਿੱਲਾਂਗੇ। ਬੀਬੀ ਨੇ ਕਿਹਾ ਕਿ ਇਸ ਅੰਦੋਲਨ ‘ਚ ਸਾਡੇ ਬੱਚੇ, ਨੂੰਹਾਂ ਵੀ ਸ਼ਾਮਲ ਹਨ।
ਬੀਬੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ‘ਚ ਬੀਬੀਆਂ ਦਾ ਵੀ ਵੱਡਾ ਪ੍ਰਭਾਵ ਪਵੇਗਾ, ਅਸੀਂ ਵਾਪਸ ਨਹੀਂ ਮੁੜਦੇ। ਆਪਣੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ, ਭਾਵੇਂ ਸਾਲ ਜਾਂ 2 ਸਾਲ ਲੱਗ ਜਾਣ। ਕੇਂਦਰ ਅਤੇ ਕਿਸਾਨ ਜਥੇਬੰਦੀਆਂ ਨਾਲ ਅੱਜ ਦੀ ਬੈਠਕ ਬਾਰੇ ਬੀਬੀਆਂ ਨੇ ਕਿਹਾ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਸਾਹਮਣੇ ਝੁਕਣਾ ਹੀ ਪਵੇਗਾ। ਜਦੋਂ ਤੱਕ ਸਰਕਾਰ ਸਾਡਾ ਹੱਕ ਨਹੀਂ ਦਿੰਦੀ ਅਸੀਂ ਇੱਥੋਂ ਨਹੀਂ ਹਿੱਲਦੇ।
ਕਿਸਾਨੀ ਸੰਘਰਸ਼ ‘ਚ ਏਕਤਾ ਵੇਖਣ ਨੂੰ ਮਿਲ ਰਹੀ ਹੈ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਦੇ ਕਿਸਾਨ ਇਕੱਠੇ ਹੋਏ ਹਨ, ਸਾਡਾ ਏਕਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਕ ਬੀਬੀ ਨੇ ਕਿਹਾ ਕਿ ਅਸੀਂ ਛੜੇ ਬੰਦੇ ਹੱਥ ਦੇਸ਼ ਦੇ ਦਿੱਤਾ। ਪਰਿਵਾਰ ਵਾਲੇ ਬੰਦੇ ਨੂੰ ਹੀ ਸਭ ਦੀ ਸਾਰ ਹੁੰਦੀ ਹੈ। ਅਸੀਂ ਆਪਣੀਆਂ ਜਾਇਦਾਦਾਂ ਕਿਵੇਂ ਲੁਟਾ ਦੇਈਏ, ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ।
News Credit :jagbani(punjabkesari)