
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਯੂ.ਪੀ. ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੱਜ ਯਾਨੀ ਸ਼ੁੱਕਰਵਾਰ 9ਵਾਂ ਦਿਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਡਟੇ ਰਹਿਣਗੇ। ਉੱਥੇ ਹੀ ਇਕ ਪ੍ਰਦਰਸ਼ਨਕਾਰੀ ਨੇ ਕਿਹਾ,”ਸਾਡੇ ਕੋਲ 3-4 ਮਹੀਨਿਆਂ ਦਾ ਰਾਸ਼ਨ ਹੈ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਅਸੀਂ ਹਟਣ ਵਾਲੇ ਨਹੀਂ ਹਨ।” ਉੱਥੇ ਹੀ ਸਿੰਘੂ ਬਾਰਡਰ ‘ਤੇ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਬਾਰਡਰ ‘ਤੇ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵੀਰਵਾਰ ਨੂੰ ਕਰੀਬ 8 ਘੰਟੇ ਬੈਠਕ ਚੱਲੀ ਸੀ। ਇਸ ਬੈਠਕ ‘ਚ ਵੀ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਕਿਸੇ ਵੀ ਗੱਲ ‘ਤੇ ਸਹਿਮਤੀ ਨਹੀਂ ਬਣੀ। ਕਿਸਾਨਾਂ ਵਲੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਦੇ ਮੰਤਰੀ ਕਾਨੂੰਨਾਂ ‘ਚ ਸੋਧ ਕਰਨ ਨੂੰ ਤਿਆਰ ਹਨ, ਜਿਸ ਨੂੰ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਬੈਠਕ ਦੌਰਾਨ ਸਰਕਾਰ ਅਤੇ ਕਿਸਾਨਾਂ ਵਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ ਅਤੇ ਸਰਕਾਰ ਵਲੋਂ ਖੁੱਲ੍ਹੇ ਮਨ ਨਾਲ ਚਰਚਾ ਕੀਤੀ। ਕਿਸਾਨਾਂ ਨਾਲ ਅਗਲੀ ਬੈਠਕ ਹੁਣ 5 ਦਸੰਬਰ ਨੂੰ ਦੁਪਹਿਰ 2 ਵਜੇ ਰੱਖੀ ਗਈ ਹੈ।
News Credit :jagbani(punjabkesari)