Image Courtesy :jagbani(punjabkesari)

ਚੰਡੀਗੜ੍ਹ : ਆਪਣੇ ਹੱਕਾਂ ਲਈ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਦਿੱਲੀ ‘ਚ ਧਰਨੇ ਦੌਰਾਨ ਅਚਾਨਕ ਸਿਹਤ ਵਿਗੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਗੜਨ ਤੋਂ ਬਾਅਦ ਰਾਜੇਵਾਲ ਨੂੰ ਦਿੱਲੀ ਦੇ ਕਿਸੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਕਲੀਫ਼ ਦੇ ਚੱਲਦੇ ਰਾਜੇਵਾਲ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਦਿਨੋ-ਦਿਨ ਬੁਲੰਦ ਹੋ ਰਹੇ ਕਿਸਾਨਾਂ ਦੇ ਮੋਰਚੇ
ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਅੱਜ ਕਿਸਾਨਾਂ ਨੂੰ ਕੇਂਦਰ ਖ਼ਿਲਾਫ਼ ਲਗਾਏ ਧਰਨੇ ਦਾ 9ਵਾਂ ਦਿਨ ਹੈ। ਜਿਵੇਂ-ਜਿਵੇਂ ਠੰਡ ਜ਼ੋਰ ਫੜ ਰਹੀ ਹੈ, ਉਸੇ ਤਰ੍ਹਾਂ ਕਿਸਾਨਾਂ ਦਾ ਜੋਸ਼ ਵੀ ਵੱਧਦਾ ਜਾ ਰਿਹਾ ਹੈ। ਉਂਝ ਦਿੱਲੀ ਧਰਨੇ ਦੌਰਾਨ ਹੁਣ ਤਕ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿਚ ਗੁਰਜੰਟ ਸਿੰਘ, ਗੁਰਬਚਨ ਸਿੰਘ ਅਤੇ ਲਖਵੀਰ ਸਿੰਘ ਸ਼ਾਮਲ ਹਨ।
ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਮਾਲੀ ਮੱਦਦ ਦਾ ਐਲਾਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਸ਼ਮੂਲੀਅਤ ਕਰਦੇ ਸਮੇਂ ਦੋ ਕਿਸਾਨਾਂ ਗੁਰਜੰਟ ਸਿੰਘ ਅਤੇ ਗੁਰਬਚਨ ਸਿੰਘ ਦੇ ਦੇਹਾਂਤ ‘ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਮਾਨਸਾ ਅਤੇ ਮੋਗਾ ਜ਼ਿਲ੍ਹਿਆਂ ਦੇ ਵਸਨੀਕ ਦੋਵੇਂ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ।
News Credit :jagbani(punjabkesari)