Image Courtesy :jagbani(punjabkesari)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੜ ਪਾਰਟੀ ‘ਚ ਵਾਪਸੀ ਕਰ ਲਈ ਹੈ। ਇਸ ਬਾਰੇ ਵਿਧਾਇਕ ਜਗਤਾਰ ਨੇ ਸੋਸ਼ਲ ਮੀਡੀਆ ‘ਤੇ ਖੁਦ ਐਲਾਨ ਕੀਤਾ।
ਜੱਗਾ ਨੇ ਕਿਹਾ, ”ਮੈਂ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਰਾਏਕੋਟ ਤੋਂ ਵਿਧਾਇਕ ਬਣਿਆ ਸੀ ਪਰ ਕੁੱਝ ਕਾਰਨਾਂ ਅਤੇ ਗਲਤ ਫ਼ਹਿਮੀਆਂ ਕਾਰਨ ਗੁੰਮਰਾਹ ਹੋ ਗਿਆ ਸੀ। ਹੁਣ ਆਪਣੀ ਗਲਤੀ ਅਤੇ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਕਿ ਕੇਜਰੀਵਾਲ ਦੀ ਅਗਵਾਈ ‘ਚ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਅਤੇ ਲੋਕਾਂ ਦਾ ਕਲਿਆਣ ਕਰ ਸਕਦੀ ਹੈ।”
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਅਤੇ ਆਪ ਨੇਤਾਵਾਂ ਤੇ ਵਾਲੰਟੀਅਰਾਂ ਦੀਆਂ ਕਿਸਾਨ ਅੰਦੋਲਨਕਾਰੀਆਂ ਲਈ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹ ਮੁੜ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ‘ਚ ਕਿਸੇ ਰੁਤਬੇ ਦੀ ਇੱਛਾ ਬਿਨਾਂ ਵਾਲੰਟੀਅਰ ਬਣ ਕੇ ਕੰਮ ਕਰਨਗੇ। ਜੱਗਾ ਨੇ ਕਿਹਾ ਕਿ ਮੇਰੇ ਪਾਰਟੀ ਤੋਂ ਦੂਰ ਜਾਣ ਕਾਰਨ ਜਿਨ੍ਹਾਂ ਵਾਲੰਟੀਅਰਾਂ ਅਤੇ ਨੇਤਾਵਾਂ ਦੇ ਦਿਲਾਂ ਅਤੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਸੀ, ਉਨ੍ਹਾਂ ਤੋਂ ਉਹ ਮੁਆਫ਼ੀ ਮੰਗਦੇ ਹਨ।
News Credit :jagbani(punjabkesari)