”ਬਹੁਤ ਦੂਰ ਰਹਿੰਦਾ ਕੋਈ ਦੋਸਤ ਕਈ ਵਾਰ ਉਸ ਤੋਂ ਕਿਤੇ ਜ਼ਿਆਦਾ ਨੇੜੇ ਸਾਬਿਤ ਹੁੰਦੈ ਜਿਹੜਾ ਤੁਹਾਡੇ ਬਹੁਤ ਲਾਗੇ ਰਹਿੰਦਾ ਹੋਵੇ। ਕੀ ਇਹ ਗੱਲ ਸੱਚ ਨਹੀਂ ਕਿ ਹਰ ਵਕਤ ਪਹਾੜਾਂ ‘ਚ ਰਹਿਣ ਵਾਲਿਆਂ ਲਈ ਪਹਾੜ ਓਨੇ ਦਿਲਫ਼ਰੇਬ ਅਤੇ ਲੁਭਾਵਣੇ ਨਹੀਂ ਹੁੰਦੇ ਜਿੰਨੇ ਵਾਦੀ ‘ਚੋਂ ਲੰਘਣ ਵਾਲੇ ਕਿਸੇ ਰਾਹੀ ਲਈ ਹੁੰਦੇ ਹਨ?” ਇਹ ਕਹਿਣਾ ਸੀ ਮੇਰੇ ਅਜ਼ੀਜ਼ ਸ਼ਾਇਰ ਖ਼ਲੀਲ ਜਿਬਰਾਨ ਦਾ। ਦਰਅਸਲ ਅਜਿਹਾ ਕਹਿਣ ਤੋਂ ਉਸ ਦੀ ਮੁਰਾਦ ਸੀ ਕਿ ਗ਼ੈਰਹਾਜ਼ਰੀ ਦਿਲ ਨੂੰ ਵਿਆਕੁਲ ਕਰਦੀ ਹੈ। ਬਹੁਤ ਜ਼ਿਆਦਾ ਜਾਣੀ-ਪਹਿਚਾਣੀ ਸ਼ੈਅ ‘ਚੋਂ ਪ੍ਰੇਰਨਾ ਲੱਭਣਾ ਹਮੇਸ਼ਾ ਸੌਖਾ ਨਹੀਂ ਹੰਦਾ। ਪਰ ਜਦੋਂ ਤੁਸੀਂ ਕੁਝ ਦੂਰੀ ‘ਤੇ ਖਲੋ ਕੇ ਕਿਸੇ ਚੀਜ਼, ਵਿਅਕਤੀ ਜਾਂ ਸਥਿਤੀ ਨੂੰ ਦੇਖਦੇ ਹੋ ਤਾਂ ਜੋ ਵਾਕਈ ਚੰਗਾ ਹੁੰਦੈ, ਉਸ ਦਾ ਤੁਹਾਨੂੰ ਵਧੇਰੇ ਅਹਿਸਾਸ ਹੋਣ ਲੱਗਦੈ।

ਪੈਸਾ, ਸਾਨੂੰ ਦੱਸਿਆ ਜਾਂਦੈ, ਦਰਖ਼ਤਾਂ ‘ਤੇ ਨਹੀਂ ਉਗਦਾ। ਫ਼ਿਰ ਵੀ ਪੈਸਾ ਕਾਗ਼ਜ਼ ‘ਤੇ ਤਾਂ ਛਪਦੈ। ਅਤੇ ਕਾਗ਼ਜ਼ ਸਿੱਧਾ ਜੰਗਲ ‘ਚੋਂ ਆਉਂਦੈ। ਸੋ ਫ਼ਿਰ, ਕੀ ਕੁਝ ਲੋਕ ਐਵੇਂ ਹੀ ਗੁੰਮਰਾਹਕੁੰਨ ਕਹਾਣੀਆਂ ਫ਼ੈਲਾ ਰਹੇ ਹਨ? ਕੀ ਇਹ ਹੋ ਸਕਦੈ ਕਿ ਜਿਹੜੇ ਲੋਕਾਂ ਨੂੰ ਪਤੈ ਪੈਸਾ ਕਿਵੇਂ ਬਣਾਉਣੈ, ਉਹ ਆਪਣਾ ਰਾਜ਼ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ? ਨਹੀਂ, ਮਾਮਲਾ ਪੂਰੀ ਤਰ੍ਹਾਂ ਨਾਲ ਇੰਝ ਨਹੀਂ। ਤੁਹਾਡੇ ਇਸ ਖ਼ਿਆਲ ‘ਚ ਕੁਝ ਦਮ ਹੋ ਸਕਦੈ, ਪਰ ਪੂਰੀ ਕਹਾਣੀ ਇੰਨੀ ਸਰਲ ਨਹੀਂ। ਉਸ ‘ਚ ਬਹੁਤ ਸਾਰੇ ਅਨੁਮਾਨ ਅਤੇ ਧਾਰਣਾਵਾਂ ਸ਼ਾਮਿਲ ਹਨ। ਬੋਲੇ ਗਏ ਸ਼ਬਦਾਂ ‘ਤੇ ਦਿੱਤੇ ਗਏ ਜ਼ੋਰ ਦੀ ਤਾਕਤ ਨੂੰ ਸੱਚ ਦੀ ਡੂੰਘਾਈ ਸਮਝਣ ਦੀ ਗ਼ਲਤੀ ਨਾ ਕਰੋ। ਅਤੇ ਆਰਥਿਕ ਜਾਂ ਰੋਮੈਂਟਿਕ ਮਾਮਲਿਆਂ ਦੀ ਵੀ ਬਹੁਤੀ ਚਿੰਤਾ ਨਾ ਕਰੋ। ਜਿੰਨਾ ਤੁਸੀਂ ਡਰਦੇ ਹੋ ਤੁਹਾਡਾ ਅੰਜਾਮ ਓਨਾ ਮਾੜਾ ਨਹੀਂ ਹੋਣ ਵਾਲਾ।

”ਸਤਿ ਸ੍ਰੀ ਅਕਾਲ ਜੀ। ਕੀ ਹਾਲ-ਚਾਲ ਐ?” ”ਮੈਂ ਬਿਲਕੁਲ ਠੀਕ, ਤੁਸੀਂ ਕਿਵੇਂ?” ”ਮੈਂ ਵੀ ਠੀਕ ਜੀ। ਕੀ ਸੋਚਦੇ ਓ, ਮੌਸਮ ਕਦੋਂ ਕੁ ਬਦਲੇਗਾ?” ਵਗੈਰਾ, ਵਗੈਰਾ। ਲੋਕ ਕਿਉਂ ਬਹੁਤ ਹੀ ਘੱਟ ਕੋਈ ਅਰਥਭਰਪੂਰ ਗੱਲ ਕਰਦੇ ਹਨ? ਕਿਉਂਕਿ ਜਦੋਂ ਉਹ ਕਰਦੇ ਹਨ ਤਾਂ ਬਹਿਸਾਂ ਛਿੜ ਜਾਂਦੀਆਂ ਨੇ! ਅਸੀਂ ਬਕਬਕ ਅਤੇ ਚੁਗਲੀਆਂ-ਸ਼ੁਗਲੀਆਂ ਕਰਨ ‘ਚ ਮਾਹਿਰ ਹੋ ਸਕਦੇ ਹਾਂ, ਇੱਥੋਂ ਤਕ ਕਿ ਕੌਮੇਡੀ ਅਤੇ ਨੁਕਤਾਚੀਨੀ ਕਰਨ ‘ਚ ਵੀ। ਪਰ ਸੱਚੀਆਂ ਭਾਵਨਾਵਾਂ? ਉਸ ਮਾਮਲੇ ‘ਚ ਅਸੀਂ ਬਿਲਕੁਲ ਨਿਕੰਮੇ ਹਾਂ! ਜੇਕਰ ਅਸੀਂ ਨਾਰਾਜ਼ਗੀ ਜ਼ਾਹਿਰ ਕਰਨ ‘ਚ ਕਾਮਯਾਬ ਹੋ ਵੀ ਜਾਈਏ, ਅਸੀਂ ਆਪਣਾ ਧਿਆਨ ਤੁਛ ਕਾਰਣਾਂ ‘ਤੇ ਹੀ ਕੇਂਦ੍ਰਿਤ ਕਰੀ ਰੱਖਦੇ ਹਾਂ। ਸਾਡੇ ‘ਚੋਂ ਬਹੁਤਿਆਂ ਨੂੰ ਪਸੰਦ ਨਹੀਂ ਕਿ ਉਨ੍ਹਾਂ ਦਾ ਸਾਹਮਣਾ ਅਸਲੀ ਮਾਮਲਿਆਂ ਨਾਲ ਕਰਵਾਇਆ ਜਾਵੇ। ਪਰ ਤੁਹਾਡਾ ਆਪਣੇ (ਅਤੇ ਆਪਣੇ ਕਿਸੇ ਪਿਆਰੇ) ਪ੍ਰਤੀ ਇਹ ਫ਼ਰਜ਼ ਬਣਦੈ ਕਿ ਤੁਸੀਂ ਮਾਮੂਲੀ ਤੋਂ ਉੱਪਰ ਉੱਠ ਕੇ ਸੋਚਣ ਅਤੇ ਦੇਖਣ ਦੀ ਕੋਸ਼ਿਸ਼ ਕਰੋ।

ਇੱਕ ਵਾਰ ਦੀ ਗੱਲ ਹੈ, ਜਦੋਂ ਅਸੀਂ ਕੋਈ ਜਾਣਕਾਰੀ ਸਾਂਭ ਕੇ ਰੱਖਣੀ ਹੁੰਦੀ ਸੀ ਤਾਂ ਅਸੀਂ ਉਸ ਨੂੰ ਇੱਕ ਕਿਤਾਬ ‘ਚ ਲਿਖ ਲੈਂਦੇ। ਅਤੇ ਜੇ ਅਸੀਂ ਕਿਸੇ ਚੀਜ਼ ਦਾ ਅਰਥ ਲੱਭਣਾ ਹੁੰਦਾ ਤਾਂ ਅਸੀਂ ਉਸ ਬਾਰੇ ਕਿਸੇ ਕਿਤਾਬ ‘ਚ ਪੜ੍ਹ ਕੇ ਖੋਜ ਕਰਦੇ। ਫ਼ਿਰ, ਆ ਗਏ ਕੰਪਿਊਟਰ। ਹੁਣ, ਸਾਨੂੰ ਜੋ ਕੁਝ ਵੀ ਕਰਨ ਦੀ ਲੋੜ ਹੁੰਦੀ ਹੈ, ਉਹ ਕਰਨ ਲਈ ਕੋਈ ਨਾ ਕੋਈ ਸੌਫ਼ਟਵੇਅਰ ਮੌਜੂਦ ਹੈ। ਹੋ ਸਕਦੈ ਉਹ ਬਹੁਤੀ ਵਧੀਆ ਨਾ ਵੀ ਹੋਵੇ, ਬਹੁਤ ਮਹਿੰਗੀ ਹੋਵੇ ਅਤੇ ਉਹ ਸਾਨੂੰ ਬਹੁਤੀ ਦੂਰ ਤਕ ਨਾ ਲਿਜਾ ਸਕੇ – ਪਰ, ਫ਼ਿਰ, ਇਹੀ ਤਾਂ ਹੈ ਅੱਜਕੱਲ੍ਹ ਦੀ ਪ੍ਰਗਤੀ। ਅਸੀਂ ਮਨੁੱਖ ਹਾਂ। ਅਸੀਂ ਪੇਚੀਦਗੀਆਂ ‘ਤੇ ਜਿਊਂਦੇ ਹਾਂ – ਅਤੇ ਇਹ ਭੁਲੇਖਾ ਪਾਲਣਾ ਪਸੰਦ ਕਰਦੇ ਹਾਂ ਕਿ ਤਬਦੀਲੀ ਹਮੇਸ਼ਾ ਚੰਗੀ ਹੁੰਦੀ ਹੈ। ਪਰ ਕੁਝ ਅਜਿਹਾ ਹੈ ਜਿਸ ਨੂੰ ਬਦਲਣ ਦੀ ਸੱਚਮੁੱਚ ਕੋਈ ਲੋੜ ਨਹੀਂ। ਜੋ ਟੁੱਟਾ ਹੀ ਨਹੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਾ ਕਰੋ।

ਕਈ ਵਾਰ ਜਦੋਂ ਅਸੀਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਇਹ ਅਹਿਸਾਸ ਹੁੰਦੈ ਕਿ ਉਹ ਤਾਂ ਸਾਡੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੇ ਤਾਂ ਨਿਰਾਸ਼ ਹੋ ਕੇ ਅਸੀਂ ਕਹਿੰਦੇ ਹਾਂ, ”ਇਸ ਤੋਂ ਤਾਂ ਚੰਗਾ ਸੀ ਕਿ ਮੈਂ ਖ਼ੁਦ ਨਾਲ ਹੀ ਗੱਲ ਕਰ ਲੈਂਦਾ (ਜਾਂ ਲੈਂਦੀ)।” ਪਰ ਜੇਕਰ ਤੁਸੀਂ ਸੱਚਮੁੱਚ ਹੀ ਆਪਣੇ ਆਪ ਨਾਲ ਗੱਲ ਕਰਦੇ ਤਾਂ ਕਿੰਨੇ ਕੁ ਇਮਾਨਦਾਰ ਹੁੰਦੇ? ਕੀ ਕੁਝ ਅਜਿਹੀਆਂ ਗੱਲਾਂ ਹਨ ਜਿਹੜੀਆਂ ਤੁਹਾਨੂੰ ਸੱਚਮੁੱਚ ਕਹਿਣੀਆਂ ਚਾਹੀਦੀਆਂ ਹਨ, ਪਰ ਫ਼ਿਰ ਵੀ ਤੁਹਾਨੂੰ ਡਰ ਹੈ ਕਿ ਤੁਸੀਂ ਉਹ ਸੁਣਨ ਲਈ ਤਿਆਰ ਨਹੀਂ? ਅਤੇ ਜੇਕਰ ਤੁਹਾਨੂੰ ਲੱਗਦੈ ਕਿ ਅਜਿਹੀ ਕੋਈ ਗੱਲ ਨਹੀਂ ਤਾਂ ਕੀ ਤੁਸੀਂ ਇਹੀ ਗੱਲ ਪੂਰੀ ਨਿਸ਼ਚਿਤਤਾ ਨਾਲ ਕਹਿ ਸਕਦੇ ਹੋ? ਜੇਕਰ ਤੁਹਾਡਾ ਇੱਕ ਹਿੱਸਾ ਉਸ ਨੂੰ ਕਬੂਲ ਨਹੀਂ ਕਰ ਸਕਦਾ ਜੋ ਤੁਹਾਡਾ ਕੋਈ ਦੂਸਰਾ ਹਿੱਸਾ ਮਹਿਸੂਸ ਕਰ ਰਿਹਾ ਹੈ ਤਾਂ ਫ਼ਿਰ ਤੁਸੀਂ ਕਿਸੇ ਤੀਸਰੀ ਧਿਰ ਨਾਲ ਸੱਚਾ ਸੰਵਾਦ ਕਾਇਮ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹੋ? ਜੇ ਤੁਸੀਂ ਆਪਣੇ ਦਿਲ ਦੀ ਸੁਣੋਗੇ ਤਾਂ ਦੂਸਰੇ ਵੀ ਤੁਹਾਨੂੰ ਸੁਣਨਗੇ।