ਨਵੀਂ ਦਿੱਲੀ- ਭਾਰਤੀ ਫ਼ੌਜ ਦੇ ਕਰਨਲ ਨਰੇਂਦਰ ਕੁਮਾਰ ਜਿਨ੍ਹਾਂ ਨੂੰ ‘ਬੁੱਲ’ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ, ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਕ ਜਵਾਨ ਜਿਸ ਦੇ ਦ੍ਰਿੜ ਸੰਕਲਪ ਅਤੇ ਉੱਚ ਪਰਬਤ ਸਿਖਰਾਂ ‘ਤੇ ਫਤਿਹ ਕਰਨ ਦੀ ਇੱਛਾ ਨੇ ਨਾ ਸਿਰਫ਼ ਭਾਰਤੀ ਫ਼ੌਜ ਦੀ ਮਦਦ ਕੀਤੀ ਸਗੋਂ ਸਾਡੇ ਰੱਖਿਆਤਮਕ ਪੱਖ ਨੂੰ ਮਜ਼ਬੂਤ ਕਰਨ ‘ਚ ਸਾਡੀ ਮਦਦ ਕੀਤੀ ਅਤੇ ਅਸੀਂ ਉੱਥੇ ਕਬਜ਼ਾ ਕਰ ਸਕੇ। ਕਰਨਲ ਨਰੇਂਦਰ ਨੂੰ ਯਾਦ ਕਰਦੇ ਹੋਏ ਸੀ.ਡੀ.ਐੱਸ. ਰਾਵਤ ਨੇ ਕਿਹਾ,”ਸਾਲਤੋਰੋ ਰਿਜ ਅਤੇ ਲੱਦਾਖ ਦੇ ਹੋਰ ਖੇਤਰਾਂ ‘ਚ ਸਾਡਾ ਮਜ਼ਬੂਤ ਪੱਖ ਉਨ੍ਹਾਂ ਦੀ ਸਾਹਸਿਕ ਯਾਤਰਾਵਾਂ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਦਾ ਨਾਂ ਸਾਡੀ ਫ਼ੌਜ ਦੇ ਖ਼ੁਸ਼ਹਾਲ ਇਤਿਹਾਸ ‘ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।”
ਦੱਸਣਯੋਗ ਹੈ ਕਿ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ‘ਤੇ ਤਿਰੰਗਾ ਲਹਿਰਾਉਣ ਵਾਲੇ ਕਰਨਲ ਨਰੇਂਦਰ ‘ਬੁੱਲ’ ਕੁਮਾਰ (87) ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਰਿਪੋਰਟ ‘ਤੇ ਹੀ ਫ਼ੌਜ ਨੇ 13 ਅਪ੍ਰੈਲ 1984 ਨੂੰ ‘ਆਪਰੇਸ਼ਨ ਮੇਘਦੂਤ’ ਚਲਾ ਕੇ ਸਿਆਚਿਨ ‘ਤੇ ਕਬਜ਼ਾ ਬਰਕਰਾਰ ਰੱਖਿਆਸੀ। ਇਹ ਦੁਨੀਆ ਦੇ ਸਭ ਤੋਂ ਉੱਚੇ ਖੇਤਰ ‘ਚ ਪਹਿਲੀ ਕਾਰਵਾਈ ਸੀ। ਕਰਨਲ ਬੁੱਲ ਨੰਦਾਦੇਵੀ ਚੋਟੀ ‘ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਸਨ। ਇਸ ਤੋਂ ਇਲਾਵਾ ਉਹ ਮਾਊਂਟ ਐਵਰੈਸਟ, ਮਾਊਂਟ ਬਲੈਂਕ ਅਤੇ ਕੰਚਨਜੰਘਾ ‘ਤੇ ਵੀ ਤਿਰੰਗਾ ਲਹਿਰਾ ਚੁਕੇ ਸਨ। ਸ਼ੁਰੂਆਤੀ ਮੁਹਿੰਮਾਂ ‘ਚ 4 ਉਂਗਲੀਆਂ ਗਵਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਇਨ੍ਹਾਂ ਚੋਟੀਆਂ ‘ਤੇ ਜਿੱਤ ਹਾਸਲ ਕੀਤੀ।
News Credit :jagbani(punjabkesari)