ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 39ਵੇਂ ਦਿਨ ਵੀ ਜਾਰੀ ਹੈ। ਇਸ ਵਿਚ ਠੰਡ ਕਾਰਨ ਐਤਵਾਰ ਨੂੰ ਸਵੇਰੇ ਵੱਖ-ਵੱਖ ਪ੍ਰਦਰਸ਼ਨ ਸਥਾਨਾਂ ‘ਤੇ 2 ਹੋਰ ਕਿਸਾਨਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਟਿੱਕਰੀ ਸਰਹੱਦ ‘ਤੇ ਇਕ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਕਿਸਾਨ ਦੀ ਪਛਾਣ ਜਗਬੀਰ ਸਿੰਘ (60) ਦੇ ਰੂਪ ‘ਚ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜੀਂਦ ਜ਼ਿਲ੍ਹੇ ਦੇ ਪਿੰਡ ਇਟੱਲ ਕਲਾ ਦੇ ਰਹਿਣ ਵਾਲੇ ਜਗਬੀਰ ਦੀ ਮੌਤ ਜ਼ਿਆਦਾ ਠੰਡ ਕਾਰਨ ਹੋਈ ਹੈ। ਹਾਲਾਂਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਪਤਾ ਲੱਗੇਗਾ। ਸਾਥੀ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਹਫ਼ਤੇ ਭਰ ਤੋਂ ਪਿਲਰ ਨੰਬਰ 764 ‘ਤੇ ਡਟੇ ਹੋਏ ਸਨ। ਐਤਵਾਰ ਸਵੇਰੇ ਕਰੀਬ 7 ਵਜੇ ਸਿਹਤ ਜ਼ਿਆਦਾ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜਗਬੀਰ ਦੇ 2 ਬੱਚੇ ਹਨ। ਉਨ੍ਹਾਂ ਦੇ ਇਕ 32 ਸਾਲਾ ਮੁੰਡਾ ਅਤੇ 28 ਸਾਲਾ ਕੁੜੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚੌਧਰੀ ਜੋਗਿੰਦਰ ਨੈਨ ਨੇ ਦੱਸਿਆ ਕਿ ਸਵੇਰੇ ਲੋਕਾਂ ਨੇ ਚਾਹ ਪੀਣ ਲਈ ਬੁਲਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਚੈਨੀ ਹੋ ਰਹੀ ਹੈ। ਹਾਲਤ ਜ਼ਿਆਦਾ ਖ਼ਰਾਬ ਹੋਣ ਲੱਗੀ ਤਾਂ ਸਾਥੀ ਪ੍ਰਦਰਸ਼ਨਕਾਰੀ ਉਨ੍ਹਾਂ ਨੂੰ ਬਹਾਦੁਰਗੜ੍ਹ ਹਸਪਤਾਲ ਲੈ ਕੇ ਗਏ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਸ ਤੋਂ ਇਲਾਵਾ ਸੋਨੀਪਤ ‘ਚ ਕਿਸਾਨ ਅੰਦੋਲਨ ‘ਚ ਸ਼ਾਮਲ ਇਕ ਹੋਰ ਕਿਸਾਨ ਦੀ ਐਤਵਾਰ ਨੂੰ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਕੁਲਬੀਰ (45) ਦੇ ਰੂਪ ‘ਚ ਹੋਈ ਹੈ। ਉਹ ਸੋਨੀਪਤ ਦੇ ਗੋਹਾਨਾ ਦੇ ਪਿੰਡ ਗੰਗਾਨਾ ਦੇ ਵਾਸੀ ਸਨ। ਕਿਸਾਨ ਕੁਲਬੀਰ ਦੀ ਕੁੰਡਲੀ ਸਰਹੱਦ ‘ਤੇ ਪਾਰਕਰ ਮਾਲ ਕੋਲ ਅੰਦੋਲਨ ‘ਚ ਜਾਨ ਗਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਮੌਕੇ ‘ਤੇ ਪਹੁੰਚ ਕੇ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
News Credit :jagbani(punjabkesari)