ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੂੰ ਅੱਜ ਯਾਨੀ ਐਤਵਾਰ ਨੂੰ 39 ਦਿਨ ਹੋ ਗਏ ਹਨ। ਉੱਥੇ ਹੀ ਦਿੱਲੀ ‘ਚ ਅੱਜ ਪਏ ਮੀਂਹ ਕਾਰਨ ਗਾਜ਼ੀਪੁਰ ਸਰਹੱਦ ਦੇ ਪ੍ਰਦਰਸ਼ਨ ਸਥਾਨ ‘ਤੇ ਪਾਣੀ ਭਰ ਗਿਆ ਹੈ। ਜਿਸ ਨੂੰ ਪ੍ਰਦਰਸ਼ਨਕਾਰੀ ਖ਼ੁਦ ਸਾਫ਼ ਕਰਦੇ ਦਿੱਸ ਰਹੇ ਹਨ। ਕਿਸਾਨਾਂ ਨੂੰ ਗਾਜ਼ੀਪੁਰ ਸਰਹੱਦ ‘ਤੇ ਪ੍ਰਦਰਸ਼ਨ ਕਰਦੇ ਹੋਏ 37 ਦਿਨ ਹੋ ਗਏ ਹਨ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ,”ਤਿਰਪਾਲ ਅਤੇ ਜੋ ਕੁਝ ਵੀ ਅਸੀਂ ਲੈ ਕੇ ਆਏ ਹਾਂ, ਉਸ ਨਾਲ ਠੰਡ ਅਤੇ ਮੀਂਹ ਤੋਂ ਆਪਣਾ ਬਚਾਅ ਕਰ ਰਹੇ ਹਾਂ।”
ਉੱਥੇ ਹੀ ਸਿੰਘ ਸਰਹੱਦ ‘ਤੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੈਂਪਾਂ ‘ਚ ਮੀਂਹ ਦਾ ਪਾਣੀ ਭਰ ਗਿਆ ਹੈ। ਜਿਸ ਨੂੰ ਉਹ ਖ਼ੁਦ ਹਟਾ ਰਹੇ ਹਨ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਕਿਹਾ,”ਮੀਂਹ ਸਾਡੀ ਫ਼ਸਲ ਲਈ ਚੰਗਾ ਹੈ। ਜਦੋਂ ਅਸੀਂ ਆਪਣੇ ਖੇਤਾਂ ‘ਚ ਕੰਮ ਕਰਦੇ ਹਾਂ ਤਾਂ ਅਸੀਂ ਭਿੱਜ ਜਾਂਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਨੂੰ ਇੱਥੇ ਮੀਂਹ ਦਾ ਸਾਹਮਣਾ ਕਰਨਾ ਪਵੇਗਾ।”
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ‘ਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ 2 ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ। ਪਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮ.ਐੱਸ.ਪੀ. ‘ਤੇ ਕਾਨੂੰਨ ਵਰਗੇ ਅਹਿਮ ਮੁੱਦਿਆਂ ‘ਤੇ ਗੱਲ ਹੋਣੀ ਬਾਕੀ ਹੈ। ਜਿਸ ‘ਤੇ 4 ਜਨਵਰੀ ਯਾਨੀ ਸੋਮਵਾਰ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਹੋਵੇਗੀ। ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਹਾਲੇ ਵੀ ਕਿਸਾਨ ਡਟੇ ਹੋਏ ਹਨ।
News Credit :jagbani(punjabkesari)