ਜ਼ੀਰਕਪੁਰ : ਕੇਂਦਰ ਸਰਕਾਰ ਵਿਰੁੱਧ ਕਿਸਾਨ ਸੰਘਰਸ਼ 40ਵੇਂ ਦਿਨ ਵਿਚ ਸ਼ਾਮਲ ਹੋਣ ’ਤੇ ਮੋਦੀ ਸਰਕਾਰ ਕਿਸਾਨੀ ਅੰਦੋਲਨ ਅੱਗੇ ਕੁੱਝ ਝੁਕਣ ਲੱਗੀ ਹੈ, ਪਰ ਕਿਸਾਨੀ ਅੰਦੋਲਨ ਫਿਰ ਵੀ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਵਿਚ ਹਰ ਦਿਨ ਨੌਜਵਾਨ, ਬਜ਼ੁਰਗ, ਔਰਤਾਂ ਸਮੇਤ ਬੱਚੇ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਤੋਂ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਜਿੱਥੇ ਮੋਦੀ ਸਰਕਾਰ ਤੋਂ ਆਪਣੀਆਂ ਕਿਸਾਨ ਪੱਖੀ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਲੜੀਵਾਰ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਜ਼ੀਰਕਪੁਰ ਦੇ ਇਕ ਅੰਤਰਰਾਜੀ ਖਿਡਾਰੀ ਜਗਤਾਰ ਸਿੰਘ ਵਲੋਂ ਵੀ ਲਗਾਤਾਰ ਕਈ ਦਿਨਾਂ ਤੋਂ ਸਿੰਘੂ ਬਾਰਡਰ ’ਤੇ ਮਰਨ ਵਰਤ ਰੱਖਿਆ ਹੋਇਆ ਹੈ, ਜਿਸ ਦੇ ਚਲਦਿਆਂ ਉਸ ਦੀ ਮਾਤਾ ਭੁਪਿੰਦਰ ਕੌਰ ਆਪਣੇ ਪੁੱਤ ਵਲੋਂ ਜਾਰੀ ਭੁੱਖ ਹੜਤਾਲ ਕਾਰਣ ਖੁਦ ਪਿਛਲੇ ਕਈ ਦਿਨਾਂ ਤੋਂ ਘਰ ਵਿਚ ਮਰਨ ਵਰਤ ’ਤੇ ਬੈਠੀ ਹੋਈ ਸੀ, ਹਾਲਤ ਕਾਫ਼ੀ ਖ਼ਰਾਬ ਹੋਣ ਕਾਰਣ ਉਨ੍ਹਾਂ ਨੂੰ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ, ਜਿਸ ਕਰ ਕੇ ਸਬੰਧਤ ਡਾਕਟਰਾਂ ਨੇ ਪੁੱਤਰ ਜਗਤਾਰ ਸਿੰਘ ਨੂੰ ਸੰਦੇਸ਼ ਭੇਜਿਆ, ਜਿਸ ਤੋਂ ਬਾਅਦ ਜਗਤਾਰ ਸਿਘ ਆਪਣੀ ਮਾਤਾ ਦਾ ਹਾਲ ਜਾਣਨ ਲਈ ਸਪੈਸ਼ਲ ਦਿੱਲੀ ਤੋਂ ਜ਼ੀਰਕਪੁਰ ਪੁੱਜਿਆ। ਇਸ ਦੌਰਾਨ ਖਿਡਾਰੀ ਜਗਤਾਰ ਸਿੰਘ ਨੇ ਦਿੱਲੀ ਕਿਸਾਨ ਮੋਰਚੇ ਸਬੰਧੀ ਦੱਸਿਆ ਕਿ ਉਨ੍ਹਾਂ ਵਲੋਂ ਸ਼ਾਂਤਮਈ ਢੰਗ ਨਾਲ ਲਗਾਤਾਰ ਮਰਨ ਵਰਤ ਰੱਖਿਆ ਹੋਇਆ ਹੈ। ਇਹੋ ਉਮੀਦ ’ਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਕਿ ਕੇਂਦਰ ਸਰਕਾਰ ਮੰਗਾਂ ਨੂੰ ਜਲਦ ਪ੍ਰਵਾਨ ਕਰੇ।
ਖਿਡਾਰੀ ਦੀ ਮਾਤਾ ਭੁਪਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਬਾਰਡਰ ਤੇ ਰੁਲਦੇ ਹੋਏ ਆਪਣੇ ਪੁੱਤਰਾਂ ਕਾਰਣ ਉਨ੍ਹਾਂ ਨੇ ਵੀ ਘਰ ਬੈਠੇ ਹੀ ਭੁੱਖ ਹੜਤਾਲ ਰੱਖੀ ਹੋਈ ਹੈ। ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਹ ਆਪਣੇ ਪੁੱਤਰ ਵਾਂਗ ਮਰਨ ਵਰਤ ਰੱਖੇਗੀ। ਉਹ ਅੱਜ ਹੀ ਆਪਣੇ ਪੁੱਤਰ ਨੂੰ ਮੁੜ ਦਿੱਲੀ ਸੰਘਰਸ਼ ’ਚ ਰਵਾਨਾ ਕਰ ਦੇਣਗੇ ਤਾਂ ਜੋ ਉਨ੍ਹਾਂ ਦੀ ਬਿਮਾਰੀ ਕਾਰਨ ਪੁੱਤਰ ਵਲੋਂ ਦਿੱਲੀ ਸੰਘਰਸ਼ ਵਿਚ ਕੋਈ ਰੁਕਾਵਟ ਨਾ ਪਵੇ।
ਜਦੋਂ ਡਾਕਟਰ ਜੇ. ਬੀ. ਲਾਂਬਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਮਾਤਾ ਜੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਸੀ, ਪਰ ਜਿਸ ਸਮੇਂ ਤੋਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਦੇਖਿਆ ਹੈ, ਉਸ ਸਮੇਂ ਤੋਂ ਇਨ੍ਹਾਂ ਦੀ ਹਾਲਤ ਵਿਚ ਕੁੱਝ ਸੁਧਾਰ ਆਇਆ ਹੈ। ਜ਼ੀਰਕਪੁਰ ਪੁੱਜਣ ’ਤੇ ਕਿਸਾਨ ਜਥੇਬੰਦੀਆਂ ਵਲੋਂ ਜਗਤਾਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।
News Credit :jagbani(punjabkesari)