ਮੁੰਬਈ- ਯੂਰਪ, ਪੱਛਮੀ ਏਸ਼ੀਆ ਅਤੇ ਦੱਖਣੀ ਅਫ਼ਰੀਕਾ ਤੋਂ ਮੁੰਬਈ ਹਵਾਈ ਅੱਡੇ ‘ਤੇ ਪਹੁੰਚੇ ਲਗਭਗ 1100 ਯਾਤਰੀਆਂ ‘ਚੋਂ 503 ਯਾਤਰੀਆਂ ਨੂੰ ਬ੍ਰਿਟੇਨ ‘ਚ ਸਾਹਮਣੇ ਆਏ ਨਵੇਂ ਕੋਵਿਡ-19 ਦੇ ਮੱਦੇਨਜ਼ਰ ਏਕਾਂਤਵਾਸ ‘ਚ ਭੇਜ ਦਿੱਤਾ ਗਿਆ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਯੂਰਪ, ਪੱਛਮੀ ਏਸ਼ੀਆ ਅਤੇ ਦੱਖਣੀ ਅਫ਼ਰੀਕਾ ਤੋਂ 15 ਉਡਾਣਾਂ ਤੋਂ ਕੁੱਲ 1,099 ਯਾਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਨ੍ਹਾਂ ‘ਚੋਂ 503 ਯਾਤਰੀਆਂ ਨੂੰ ਸ਼ਹਿਰ ‘ਚ ਨਗਰ ਨਿਗਮ ਦੇ ਵੱਖ-ਵੱਖ ਕੇਂਦਰਾਂ (ਹੋਟਲਾਂ) ‘ਚ ਏਕਾਂਤਵਾਸ ‘ਚ ਜਦੋਂ ਕਿ 538 ਨੂੰ ਦੂਜੇ ਸੂਬਿਆਂ ‘ਚ ਭੇਜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ 58 ਯਾਤਰੀਆਂ ਨੂੰ ਜ਼ਰੂਰੀ ਏਕਾਂਤਵਾਸ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਪ੍ਰਕਾਰ ਨਾਲ ਡੈਨਮਾਰਕ, ਨੀਦਰਲੈਂਡ, ਆਸਟਰੇਲੀਆ, ਇਟਲੀ, ਸਵੀਡਨ, ਫਰਾਂਸ, ਸਵਿਟਰਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲੇਬਨਾਨ ਅਤੇ ਸਿੰਗਾਪੁਰ ‘ਚ ਕਈ ਲੋਕ ਪੀੜਤ ਹੋ ਚੁਕੇ ਹਨ। ਬ੍ਰਿਟੇਨ ਨੇ ਨਵੇਂ ਸਟੇਰਨ ਕਾਰਨ ਦੇਸ਼ ‘ਚ ਤਾਲਾਬੰਦੀ ਲਾਗੂ ਕਰ ਦਿੱਤੀ ਹੈ ਜੋ ਕਿ ਫਰਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
News Credit :jagbani(punjabkesari)