ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਦਰਮਿਆਨ ਹੁਣ ਬਰਡ ਫਲੂ ਨੇ ਚਿੰਤਾ ਵਧਾ ਦਿੱਤੀ ਹੈ। ਬਰਡ ਫਲੂ ਦੇਸ਼ ਦੇ 7 ਸੂਬਿਆਂ ਤੱਕ ਪਹੁੰਚ ਗਿਆ ਹੈ। ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਕੇਰਲ ਦੇ ਨਾਲ ਹੀ ਬਰਡ ਫਲੂ ਹਰਿਆਣਾ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਤੱਕ ਵੀ ਪਹੁੰਚ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਵੱਡੀ ਗਿਣਤੀ ’ਚ ਕਾਂ ਅਤੇ ਹੋਰ ਪੰਛੀ ਮਰ ਰਹੇ ਹਨ। ਓਧਰ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਬਰਡ ਫਲੂ ਨਾਲ ਪੰਛੀਆਂ ਦੀ ਮੌਤ ਹੋ ਰਹੀ ਹੈ, ਉੱਥੋਂ ਨਮੂਨੇ ਲੈਣ ਦੀ ਲੋੜ ਹੈ। ਅਜਿਹੀਆਂ ਥਾਵਾਂ ’ਤੇ ਪੋਲਟਰੀ ਫਾਰਮ ਆਦਿ ਬੰਦ ਕਰਵਾਏ ਜਾ ਰਹੇ ਹਨ, ਨਾਲ ਹੀ ਨਾਲ ਦੁਕਾਨਾਂ ’ਤੇ ਅੰਡਿਆਂ ਦੀ ਵਿਕਰੀ ’ਤੇ ਵੀ ਰੋਕ ਲਾ ਦਿੱਤੀ ਗਈ ਹੈ।
ਮੱਧ ਪ੍ਰਦੇਸ਼ ’ਚ ਬਰਡ ਫਲੂ ਦਾ ਕਹਿਰ—
ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਾਵਾਂ ਵਿਚ ਬਰਡ ਫਲੂ ਦੀ ਪੁਸ਼ਟੀ ਤੋਂ ਮਗਰੋਂ ਮੰਦਸੌਰ ਅਤੇ ਹੋਰ ਜ਼ਿਲਿ੍ਹਆਂ ਵਿਚ ਕਾਵਾਂ ਦੇ ਨਮੂਨਿਆਂ ’ਚ ਐੱਚ5 ਐੱਨ8 ਲਾਗ ਪਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪ੍ਰਦੇਸ਼ ਦੇ 7 ਹੋਰ ਜ਼ਿਲਿ੍ਹਆਂ ਵਿਚ ਮਰੇ ਕਾਵਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਮੱਧ ਪ੍ਰਦੇਸ਼ ਵਿਚ ਕਾਵਾਂ ਦੀ ਮੌਤ ਦਾ ਅੰਕੜਾ ਲੱਗਭਗ 400 ਤੱਕ ਪਹੁੰਚ ਗਿਆ ਹੈ। ਹਾਲਾਂਕਿ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਮੁਰਗੇ ਅਤੇ ਆਂਡੇ ਖਾਣ ਨਾਲ ਮਨੁੱਖੀ ਸਿਹਤ ਨੂੰ ਖ਼ਤਰਾ ਨਹੀਂ ਹੈ।
ਜੰਮੂ-ਕਸ਼ਮੀਰ ’ਚ ਵੀ ਅਲਰਟ—
ਜੰਮੂ-ਕਸ਼ਮੀਰ ਨੇ ਅਲਰਟ ਐਲਾਨ ਕਰ ਦਿੱਤਾ ਹੈ ਅਤੇ ਪ੍ਰਵਾਸੀ ਪੰਛੀਆਂ ਨੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਸਰਦੀਆਂ ਦੇ ਮੌਸਮ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਏ ਮਹਿਮਾਨ ਪੰਛੀਆਂ ਦੀ ਜਾਂਚ ਲਈ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜੰਮੂ-ਕਸ਼ਮੀਰ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਅਤੇ ਜੰਗਲੀ ਜੀਵ ਮਹਿਕਮੇ ਦੇ ਸਾਂਝੇ ਦਲਾਂ ਨੇ ਮੰਗਲਵਾਰ ਨੂੰ ਜੰਮੂ ਦੇ ਆਰ. ਐੱਸ. ਪੁਰਾ ਸੈਕਟਰ ਸਥਿਤ ਘਰਾਨਾ ਵੈਟਲੈਂਡ ਦਾ ਦੌਰਾ ਕੀਤਾ ਅਤੇ ਜਾਂਚ ਲਈ 25 ਪੰਛੀਆਂ ਦੇ ਨਮੂਨੇ ਇਕੱਠੇ ਕੀਤੇ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਪੰਛੀ ਖ਼ਤਰਨਾਕ ਵਾਇਰਸ ਦੀ ਲਪੇਟ ’ਚ ਤਾਂ ਨਹੀਂ ਹੈ?
ਹਿਮਾਚਲ ’ਚ 2700 ਪ੍ਰਵਾਸੀ ਪੰਛੀ ਮਰੇ—
ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਪ੍ਰਦੇਸ਼ ’ਚ ਪੰਛੀਆਂ ’ਚ ਲਾਗ ਫੈਲਣ ਤੋਂ ਰੋਕਣ ਲਈ ਮੰਗਲਵਾਰ ਨੂੰ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਲੇਕ ਦੇ ਨੇੜੇ-ਤੇੜੇ ਦੇ ਇਲਾਕਿਆਂ ਦਾ ਸਰਵੇਖਣ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਮਿ੍ਰਤਕ ਪ੍ਰਵਾਸੀ ਪੰਛੀਆਂ ਦੇ ਨਮੂਨਿਆਂ ’ਚ ਐੱਚ5 ਐੱਨ8 ਪਾਇਆ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਹੁਣ ਤੱਕ 2700 ਪ੍ਰਵਾਸੀ ਪੰਛੀ ਮਿ੍ਰਤਕ ਮਿਲੇ ਹਨ।
ਰਾਜਸਥਾਨ ’ਚ 625 ਪੰਛੀਆਂ ਦੀ ਮੌਤ—
ਰਾਜਸਥਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਟਾ ਅਤੇ ਬਾਰਾਂ ਜ਼ਿਲਿ੍ਹਆਂ ਦੇ ਪੰਛੀਆਂ ਦੇ ਨਮੂੁਨਿਆਂ ਦੀ ਜਾਂਚ ਨਤੀਜਿਆਂ ’ਚ ਏਵੀਅਨ ਇੰਫਲੂਏਂਜਾ (ਬਰਡ ਫਲੂ) ਪਾਇਆ ਗਿਆ ਹੈ। ਸੂਬੇ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਲਾਲ ਚੰਦ ਕਟਾਰੀਆਂ ਨੇ ਦੱਸਿਆ ਕਿ ਸੂਬੇ ਦੇ ਤਿੰਨ ਜ਼ਿਲਿ੍ਹਆਂ- ਝਾਲਵਾੜ, ਕੋਟਾ ਅਤੇ ਬਾਰਾਂ ’ਚ ਏਵੀਅਨ ਇੰਫਲੂਏਂਜਾ ਵਾਇਰਸ ਪਾਇਆ ਗਿਆ ਹੈ ਅਤੇ ਵਾਇਰਸ ਹੋਰ ਥਾਵਾਂ ’ਤੇ ਫੈਲ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਦੇ 33 ਜ਼ਿਲਿ੍ਹਆਂ ਵਿਚੋਂ 16 ਜ਼ਿਲਿ੍ਹਆਂ ’ਚ ਮੰਗਲਵਾਰ ਸਵੇਰ ਤੱਕ ਪੰਛੀਆਂ ਦੀ ਮੌਤ ਦੀ ਅੰਕੜਾ 625 ਪਹੁੰਚ ਗਿਆ ਹੈ।
ਕੇਰਲ ’ਚ ਮੁਰਗਿਆਂ ਅਤੇ ਬਤਖ਼ਾਂ ਨੂੰ ਮਾਰਨਾ ਸ਼ੁਰੂ—
ਕੇਰਲ ’ਚ ਮੁਰਗਿਆਂ ਅਤੇ ਬਤਖ਼ਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕੇਰਲ ’ਚ ਫਲੂ ਕਾਰਨ ਕਰੀਬ 1700 ਬਤਖ਼ਾਂ ਦੀ ਮੌਤ ਹੋ ਗਈ ਹੈ। ਕੇਰਲ ’ਚ ਅਲਪੁੱਝਾ ਅਤੇ ਕੋਟਾਯਮ ਵਿਚ ਪ੍ਰਭਾਵਿਤ ਖੇਤਰਾਂ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਪੰਛੀਆਂ ਨੂੰ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਸ਼ਾਸਨ ਮੁਤਾਬਕ ਕੋਟਾਯਮ ਜ਼ਿਲ੍ਹੇ ਦੀ ਪ੍ਰਭਾਵਿਤ ਨੀਂਦੂਰ ਪੰਚਾਇਤ ਵਿਚ ਹੁਣ ਤੱਕ ਕਰੀਬ 3,000 ਪੰਛੀਆਂ ਨੂੰ ਮਾਰਿਆ ਜਾ ਚੁੱਕਾ ਹੈ। ਨੀਂਦੂਰ ਦੇ ਇਕ ਬਤਖ਼ ਪਾਲਣ ਕੇਂਦਰ ਵਿਚ ਬਰਡ ਫਲੂ ਕਾਰਨ ਕਰੀਬ 1700 ਬਤਖਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਰੀਬ 40,000 ਪੰਛੀਆਂ ਨੂੰ ਮਾਰਿਆ ਜਾਵੇਗਾ।
ਕੀ ਹੈ ਬਰਡ ਫਲੂ?
ਐਵੀਅਨ ਇੰਫਲੂਏਂਜਾ (ਐੱਚ5 ਐੱਨ8) ਵਾਇਰਸ ਦਾ ਇਕ ਸਬ-ਟਾਇਪ ਹੈ, ਜੋ ਕਿ ਖ਼ਾਸ ਤੌਰ ਤੋਂ ਪੰਛੀਆਂ ਜ਼ਰੀਏ ਫੈਲਦਾ ਹੈ। ਇਹ ਬੀਮਾਰੀ ਪੰਛੀਆਂ ਦਰਮਿਆਨ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਹ ਇੰਨੀ ਖ਼ਤਰਨਾਕ ਹੁੰਦੀ ਹੈ ਕਿ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਪੰਛੀਆਂ ਤੋਂ ਇਹ ਬੀਮਾਰੀ ਮਨੁੱਖਾਂ ਵਿਚ ਵੀ ਫੈਲਦੀ ਹੈ। ਇਸ ਵਾਇਰਸ ਦੀ ਪਹਿਚਾਣ ਪਹਿਲੀ ਵਾਰ 1996 ’ਚ ਚੀਨ ਵਿਚ ਕੀਤੀ ਗਈ ਸੀ। ਏਸ਼ੀਆਈ ਐੱਚ5 ਐੱਨ8 ਮਨੁੱਖਾਂ ਵਿਚ ਪਹਿਲੀ ਵਾਰ 1997 ’ਚ ਪਾਇਆ ਗਿਆ, ਜਦੋਂ ਹਾਂਗਕਾਂਗ ’ਚ ਇਕ ਪੋਲਟਰੀ ਫਾਰਮ ’ਚ ਮੁਰਗੀਆਂ ’ਚ ਵਾਇਰਸ ਪਾਇਆ ਗਿਆ ਸੀ।
News Credit :jagbani(punjabkesari)