ਅੰਮਿ੍ਰਤਸਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਸਬੰਧੀ ਟਵੀਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ‘ਦਿਲਜੀਤ ਦੁਸਾਂਝ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਤੁਹਾਨੂੰ ਲੰਮੀ ਉਮਰ, ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ।’
ਕੰਗਨਾ ਨੂੰ ਦਿਲਜੀਤ ਤੋਂ ਮਿਲਿਆ ਕਰਾਰਾ ਜਵਾਬ
ਇਥੇ ਦੱਸ ਦੇਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕਾਫ਼ੀ ਸੁਰਖੀਆਂ ’ਚ ਹਨ। ਦਿਲਜੀਤ ਜਿੱਥੇ ਦਿੱਲੀ ਸਰਹੱਦ ’ਤੇ ਡਟੇ ਕਿਸਾਨਾਂ ਦੇ ਸੰਘਰਸ਼ ’ਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ ਉਥੇ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨਾਂ ਦਾ ਵੀ ਮੂੰਹ ਤੋੜ ਜਵਾਬ ਦੇ ਰਹੇ ਹਨ। ਹਾਲ ਹੀ ’ਚ ਕੰਗਨਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨਾਂ ਦੇ ਹੱਕ ਲਈ ਲੜਿਆ ਅਤੇ ਕੌਣ ਉਨ੍ਹਾਂ ਦੇ ਖ਼ਿਲਾਫ਼…ਸੌ ਝੂਠ ਇਕ ਸੱਚ ਨੂੰ ਨਹੀਂ ਲੁਕਾ ਸਕਦਾ ਅਤੇ ਜਿਸ ਨੂੰ ਸੱਚੇ ਦਿਲ ਤੋਂ ਚਾਹੋਂ ਉਹ ਤਹਾਨੂੰ ਕਦੇ ਨਫ਼ਰਤ ਨਹੀਂ ਕਰ ਸਕਦਾ, ਤੈਨੂੰ ਕੀ ਲੱਗਦਾ ਹੈ ਤੇਰੇ ਕਹਿਣ ਨਾਲ ਪੰਜਾਬ ਮੇਰੇ ਖ਼ਿਲਾਫ਼ ਹੋ ਜਾਵੇਗਾ? ਹਾ ਹਾ ਇੰਨੇ ਵੱਡੇ-ਵੱਡੇ ਸੁਫ਼ਨੇ ਨਾ ਦੇਖ ਤੇਰਾ ਦਿਲ ਟੁੱਟੇਗਾ।’
ਇਸ ਦਾ ਜਵਾਬ ਦਿੰਦੇ ਹੋਏ ਅੱਗੋ ਦਿਲਜੀਤ ਦੋਸਾਂਝ ਨੇ ਟਵੀਟ ਕਰਦੇ ਹੋਏ ਕਿਹਾ ‘ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੂੰ ਕਿਸਾਨਾਂ ਤੋਂ ਕੀ ਪਰੋਬਲਮ (ਮੁਸ਼ਕਿਲ) ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ’ਤੇ ਭੁਲੇਖੇ ’ਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ। ਅਖੇ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ’ ਓਹ ਹਿਸਾਬ ਤੇਰਾ ਆ।’ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ‘ਇਹਨੂੰ ਮੈਂ ਪੀ. ਆਰ. ਨਾ ਰੱਖ ਲਵਾਂ? ਦਿਮਾਗ ’ਚੋਂ ਤਾਂ ਜਾਂਦਾ ਨਹੀਂ ਮੈਂ ਇਹਦੇ।
ਕੜਾਕੇ ਦੀ ਠੰਡ ’ਚ ਵੀ ਡਟੇ ਕਿਸਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਸਮਰਥਨ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਕੋਈ ਮੇਲ-ਮਿਲਾਪ ਨਹੀਂ ਹੋਇਆ ਹੈ। ਕੜਾਕੇ ਦੀ ਠੰਡ ਅਤੇ ਮੀਂਹ ਕਿਸਾਨਾਂ ਨੂੰ ਰੋਕਣ ’ਚ ਅਸਫ਼ਲ ਸਾਬਤ ਹੋ ਰਿਹਾ ਹੈ। ਦਿੱਲੀ-ਐਨ. ਸੀ. ਆਰ. ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਸ਼ ਅਤੇ ਠੰਡ ਕਹਿਰ ਢਾਹ ਰਹੀ ਹੈ। ਹਾਲਾਂਕਿ, ਇਸ ਤੋਂ ਬਾਅਦ ਵੀ ਕਿਸਾਨ ਸਿੰਘੂ ਅਤੇ ਟਿੱਕਰੀ ਸਰਹੱਦ ’ਤੇ ਡਟੇ ਹੋਏ ਹਨ।
News Credit :jagbani(punjabkesari)