”People who need people, are the luckiest people in the world …,” ਭਾਵ ਜਿਹੜੇ ਲੋਕਾਂ ਨੂੰ ਲੋਕਾਂ ਦੀ ਲੋੜ ਹੈ, ਉਹ ਦੁਨੀਆਂ ਦੇ ਸਭ ਤੋਂ ਖ਼ੁਸ਼ਕਿਸਮਤ ਲੋਕ ਹਨ …” ਅਮਰੀਕੀ ਗਾਇਕਾ, ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਬਾਰਬਰਾ ਸਟ੍ਰਾਇਸੈਂਡ ਨੇ ਇਨ੍ਹਾਂ ਲਫ਼ਜ਼ਾਂ ਨੂੰ ਮਸ਼ਹੂਰੀ ਬਖ਼ਸ਼ੀ ਸੀ। ਮੈਂ ਅਜਿਹੇ ਦਿਲਸ਼ਾਦ ਗੀਤ ਨੂੰ ਚੁਣੌਤੀ ਦੇਣਾ ਪਸੰਦ ਨਹੀਂ ਕਰਦਾ, ਪਰ ਇਹ ਸਾਰਾ ਖ਼ਿਆਲ ਸੁਣਨ ‘ਚ ਬਹੁਤ ਅਜੀਬੋ-ਗ਼ਰੀਬ ਲੱਗਦੈ। ਮੇਰਾ ਮਤਲਬ, ਮੈਨੂੰ ਇਹ ਤਾਂ ਸਮਝ ‘ਚ ਆਉਂਦੈ ਕਿ ਜਿਹੜੇ ਲੋਕਾਂ ਨੂੰ ਚਾਹੇ ਜਾਣ ਦੀ ਲੋੜ ਹੁੰਦੀ ਹੈ ਉਹ ਖ਼ੁਸ਼ਕਿਸਮਤ ਹਨ – ਕਿਉਂਕਿ ਸਾਡੇ ਸੰਸਾਰ ‘ਚ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜਿਨ੍ਹਾਂ ਨੂੰ ਹਮੇਸ਼ਾ ਮਦਦ ਦੀ ਲੋੜ ਹੈ। ਪਰ, ਬਹੁਤ ਮਦਦ ਦੇਣ ਵਾਲੇ ਬਹੁਤ ਸਾਰੇ ਲੋਕ ਸਪੱਸ਼ਟ ਤੌਰ ‘ਤੇ ਗ਼ੈਰਭਰੋਸੇਮੰਦ ਹਨ। ਕੀ ਅਸੀਂ ਸੱਚਮੁੱਚ ਖ਼ੁਦ ਨੂੰ ਖ਼ੁਸ਼ਕਿਸਮਤ ਸਮਝ ਸਕਦੇ ਹਾਂ ਜਦੋਂ ਸਾਨੂੰ ਅਜਿਹੇ ਲੋਕਾਂ ਦੀ ਮਦਦ ਦੀ ਲੋੜ ਪਵੇ? ਇਸ ਵਕਤ ਤੁਹਾਨੂੰ ਇਹੋ ਸੋਚ ਸਤਾ ਰਹੀ ਹੈ। ਤੁਹਾਨੂੰ ਮਦਦ ਦੀ ਲੋੜ ਹੈ। ਕੀ ਇਹ ਲੋੜ ਤੁਹਾਨੂੰ ਖ਼ੁਸ਼ਕਿਸਮਤ ਬਣਾਉਂਦੀ ਹੈ? ਬਣਾਉਂਦੀ ਹੈ ਜੇਕਰ ਉਹ ਤੁਹਾਨੂੰ ਹਾਸਿਲ ਹੋ ਜਾਵੇ, ਅਤੇ ਉਹ ਤੁਹਾਨੂੰ ਜ਼ਰੂਰ ਮਿਲੇਗੀ ਪਰ ਮੰਗਣ ‘ਚ ਸੰਗਿਓ ਬਿਲਕੁਲ ਨਾ!
ਤੁਸੀਂ ਹਰ ਵਕਤ ਤਰਕਸ਼ੀਲ ਬਣਨ ਦੀ ਮਜਬੂਰੀ ਮਹਿਸੂਸ ਨਹੀਂ ਕਰਦੇ। ਜੇਕਰ ਕੋਈ ਵਿਅਕਤੀ ਜਾਂ ਸ਼ੈਅ ਕਿਸੇ ਡੂੰਘੀ ਭਾਵਨਾ ਨੂੰ ਉਕਸਾਏ ਤਾਂ ਤੁਸੀਂ ਸਪੱਸ਼ਟੀਕਰਨ ਦਿੱਤੇ ਬਿਨਾ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਦੇ ਬਹੁਤ ਕਾਬਿਲ ਹੋ। ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਕਰਦੇ ਹੋ – ਅਤੇ, ਸਾਲਾਂ ਬੱਧੀ, ਤੁਸੀਂ ਇਸ ਗੱਲ ‘ਤੇ ਵਿਸ਼ਵਾਸ ਕਰਨਾ ਸਿੱਖ ਲਿਆ ਹੈ ਕਿ ਤੁਹਾਡੀਆਂ ਭਾਵਨਾਵਾਂ ਬਹੁਤ ਹੀ ਘੱਟ ਗ਼ਲਤ ਹੁੰਦੀਆਂ ਹਨ। ਮੌਜੂਦਾ ਸਮੇਂ, ਪਰ, ਤੁਸੀਂ ਅਸਧਾਰਣ ਰੂਪ ‘ਚ ਘੱਟ ਬੋਲ ਰਹੇ ਹੋ। ਇੰਝ ਜਿਵੇਂ ਤੁਸੀਂ ਯਕੀਨ ਕਰਨ ਲਈ ਕੋਈ ਤਰਕਸੰਗਤ ਆਧਾਰ ਟਟੋਲ ਰਹੇ ਹੋਵੋ। ਇਸ ਪਿੱਛੇ ਕਾਰਨ ਕੀ ਹੈ? ਸਵੈ ਸ਼ੰਕਾ? ਇਸ ਵਕਤ ਤੁਹਾਡਾ ਆਪਣੇ ਪ੍ਰਤੀ ਇਹ ਫ਼ਰਜ਼ ਬਣਦੈ ਕਿ ਤੁਸੀਂ ਆਪਣੇ ਕੁਦਰਤੀ ਸੁਭਾਅ ‘ਚ ਵਿਸ਼ਵਾਸ ਦਿਖਾਓ ਅਤੇ ਉਸ ਕਾਰਨ ਨੂੰ ਲੱਭੋ ਜਿਸ ਵਜ੍ਹਾ ਤੋਂ ਤੁਹਾਡੇ ਲਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰਹਿਣਾ ਔਖੈ।
ਅੰਗ੍ਰੇਜ਼ੀ ਦਾ ਇੱਕ ਮੁਹਾਵਰਾ ਹੈ: ”Before you drop a bombshell, drop a hint,” ਭਾਵ ਇਸ ਤੋਂ ਪਹਿਲਾਂ ਕਿ ਤੁਸੀਂ ਸ਼ਰੇਆਮ ਕਿਸੇ ਰਹੱਸ ਤੋਂ ਪਰਦਾਫ਼ਾਸ਼ ਕਰੋ, ਉਸ ਸਨਸਨੀਖ਼ੇਜ਼ ਖ਼ਬਰ ਦੀ ਆਮਦ ਦਾ ਸੰਕੇਤ ਦਿਓ। ਤੁਹਾਡਾ ਕੁਦਰਤੀ ਹੁਨਰ ਗੱਲ ਨੂੰ ਉਸੇ ਤਰ੍ਹਾਂ ਕਹਿਣ ‘ਚ ਹੈ ਜਿਸ ਤਰ੍ਹਾਂ ਦੀ ਉਹ ਹੋਵੇ। ਜਦੋਂ ਤੁਸੀਂ ਆਪਣਾ ਕੋਈ ਮੁੱਦਾ ਸਾਬਿਤ ਕਰਨਾ ਹੋਵੇ ਤਾਂ ਤੁਸੀਂ ਬਿਲਕੁਲ ਵੀ ਨਹੀਂ ਕਤਰਾਂਦੇ। ਕਈ ਵਾਰ, ਕੁੱਝ ਲੋਕਾਂ ਨੂੰ ਕੇਵਲ ਹਲਕੇ ਜਿਹੇ ਸੁਝਾਵਾਂ ਦੀ ਹੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਮਲਕੜੇ ਜਿਹੇ ਉਤਸ਼ਾਹਿਤ ਕੀਤੇ ਜਾਣਾ ਚਾਹੀਦੈ ਨਾ ਕਿ ਸਖ਼ਤੀ ਨਾਲ ਚੁਣੌਤੀ ਦਿੱਤੇ ਜਾਣਾ। ਤੁਹਾਨੂੰ ਸੇਧ ਦੇਣ ਦੀ ਲੋੜ ਹੈ – ਪਰ ਪ੍ਰੇਰਣਾ ਦੇਣ ਦੇ ਸਭ ਤੋਂ ਵਧੀਆ ਢੰਗਾਂ ‘ਚ ਸ਼ਾਮਿਲ ਹੈ ਕਿਸੇ ਹਕੀਕਤ ਨੂੰ ਆਪਣੇ ਪੱਧਰ ‘ਤੇ ਦੇਖਣ ‘ਚ ਕਿਸੇ ਦੀ ਮਦਦ ਕਰਨੀ। ਵਾਰਤਾਲਾਪ ਨੂੰ ਰਸਤੇ ‘ਤੇ ਲਿਆਓ। ਸੁਰਾਗਾਂ ਨੂੰ ਪ੍ਰਦਰਸ਼ਿਤ ਕਰੋ ਅਤੇ ਉਨ੍ਹਾਂ ਨੂੰ ਇੱਕ ਅਜਿਹੀ ਤਰਤੀਬ ਦਿਓ ਕਿ ਉਸ ਨੂੰ ਗ਼ਲਤ ਸਮਝੇ ਜਾਣ ਦਾ ਕੋਈ ਇਮਕਾਨ ਹੀ ਬਾਕੀ ਨਾ ਰਹੇ। ਤੁਹਾਡੀ ਜ਼ਿੰਦਗੀ ਦੇ ਪ੍ਰੇਮ ਪ੍ਰਸੰਗ ਨੂੰ ਇਸ ਵਕਤ ਤੁਹਾਡੀ ਕੂਟਨੀਤੀ ਦਰਕਾਰ ਹੈ।
ਮਹਾਨ ਸ਼ਾਇਰ ਖ਼ਲੀਲ ਜਿਬਰਾਨ ਇੱਕ ਜਗ੍ਹਾ ਲਿਖਦੈ: ”All our words are but crumbs that fall down from the feast of the mind,” ਭਾਵ ਸਾਡੇ ਸਾਰੇ ਲਫ਼ਜ਼ ਰੋਟੀ ਦੀਆਂ ਛੋਟੀਆਂ ਬੁਰਕੀਆਂ ਹਨ ਜਿਹੜੀਆਂ ਸਾਡੇ ਮਨ ‘ਚ ਚੱਲ ਰਹੀਆਂ ਸੋਚਾਂ ਦੀ ਦਾਅਵਤ ‘ਚੋਂ ਕਿਰਦੀਆਂ ਹਨ। ਮੈਨੂੰ ਇਹ ਕਥਨ ਬਹੁਤ ਪਸੰਦ ਹੈ ਕਿਉਂਕਿ ਜੋ ਕੁੱਝ ਵੀ ਲੋਕ ਸੋਚਦੇ ਹਨ ਅਤੇ ਜੋ ਉਹ ਕਹਿੰਦੇ ਹਨ, ਉਸ ‘ਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦੈ। ਸਭ ਤੋਂ ਵੱਧ ਸਪੱਸ਼ਟ ਬੋਲਣ ਵਾਲੇ ਬੁਲਾਰੇ ਅਤੇ ਲਿਖਣ ਵਾਲੇ ਲੇਖਕ ਵੀ ਜਿਸ ਸੰਸਾਰ ‘ਚ ਅਸੀਂ ਸਾਰੇ ਵੱਸਦੇ ਹਾਂ ਉਸ ਦੀਆਂ ਅੰਦਰੂਨੀ ਪੇਚੀਦਗੀਆਂ ਬਾਰੇ ਅੰਸ਼ਕ ਰੂਪ ‘ਚ ਹੀ ਆਪਣੇ ਭਾਵ ਵਿਅਕਤ ਕਰ ਸਕਦੇ ਹਨ। ਅਤੇ ਇਸੇ ਕਾਰਨ ਇੰਨੀਆਂ ਸਾਰੀਆਂ ਗ਼ਲਤਫ਼ਹਿਮੀਆਂ ਪੈਦਾ ਹੁੰਦੀਆਂ ਹਨ। ਅਸੀਂ ਟੁਕੜਿਆਂ ‘ਚ ਗੱਲਾਂ ਕਰਦੇ ਹਾਂ ਪਰ ਦਾਅਵਤਾਂ ‘ਚ ਸੋਚਦੇ ਹਾਂ! ਆ ਰਿਹਾ ਘੱਟ ਬੋਲਣ ਅਤੇ ਵੱਧ ਮਹਿਸੂਸ ਕਰਨ ਦਾ ਤੁਹਾਡਾ ਮੌਕਾ … ਜਿਹੜਾ ਕਿਸੇ ਮਹੱਤਵਪੂਰਨ ਸਾਂਝੇ ਸਬੰਧ ਨੂੰ ਹੋਰ ਵੀ ਪੀਡਾ ਕਰਨ ‘ਚ ਮਦਦਗਾਰ ਸਾਬਿਤ ਹੋਵੇਗਾ।
ਇੰਝ ਲੱਗਦੈ ਕੁੱਝ ਲੋਕ ਸਮਝਦੇ ਨੇ ਕਿ ਸਫ਼ਲਤਾ ਅਤੇ ਅਸਫ਼ਲਤਾ ਦਰਮਿਆਨ ਦਾ ਫ਼ਾਸਲਾ ਅਮਰੀਕਾ ਦੇ ਗ੍ਰੈਂਡ ਕੈਨੀਅਨ ਜਿੰਨਾ ਚੌੜਾ ਹੈ। ਪਰ ਦਰਅਸਲ, ਇਹ ਕਿਸੇ ਹੇਅਰਲਾਈਨ ਫ਼ਰੈਕਚਰ ਵਾਂਗ ਕੇਵਲ ਵਾਲ ਦੀ ਮੋਟਾਈ ਜਿੰਨਾ ਬਾਰੀਕ ਹੁੰਦੈ। ਤੁਸੀਂ ਚਾਹੇ ਜਿੰਨੇ ਮਰਜ਼ੀ ਸਾਵਧਾਨ ਹੋਣ ਦੀ ਕੋਸ਼ਿਸ਼ ਕਰੋ, ਕੁੱਝ ਚੀਜ਼ਾਂ ਹਮੇਸ਼ਾ ਤੁਹਾਡੀ ਕਿਸਮਤ ‘ਤੇ ਹੀ ਨਿਰਭਰ ਕਰਨਗੀਆਂ। ਹੋ ਸਕਦੈ ਤੁਸੀਂ ਜਿੱਤ ਤੋਂ ਮਸਾਂ ਇੱਕ ਇੰਚ ਦੀ ਦੂਰੀ ‘ਤੇ ਹੋਵੋ ਅਤੇ ਬਹੁਤ ਵੱਡੀ ਮੁਸੀਬਤ ‘ਚ ਘਿਰ ਜਾਓ, ਜਾਂ ਨਰਕ ਕੁੰਡ ਦੇ ਕੰਢੇ ਤੋਂ ਹੇਠਾਂ ਡਿਗਣ ਦੇ ਬਾਵਜੂਦ ਅਚਾਨਕ ਤੁਹਾਡੀ ਪਿੱਠ ‘ਚੋ ਕੋਈ ਪੈਰਾਸ਼ੂਟ ਪ੍ਰਗਟ ਹੋ ਜਾਵੇ ਜਿਸ ਨਾਲ ਤੁਸੀਂ ਆਪਣੇ ਪੈਰਾਂ ‘ਤੇ ਸਹਿਜੇ ਹੀ ਜ਼ਮੀਨ ‘ਤੇ ਉਤਰ ਸਕੋ। ਨਿਸ਼ਾਨੇ ਤੋਂ ਖੁੰਝਣਾ ਇੱਕ ਇੰਚ ਤੋਂ ਵੀ ਓਨਾ ਹੀ ਮਾੜੈ ਜਿੰਨਾ ਇੱਕ ਮੀਲ ਤੋਂ, ਪਰ ਫ਼ਤਹਿ, ਚਾਹੇ ਜਿੰਨੀ ਮਰਜ਼ੀ ਸੌੜੀ ਹੋਵੇ, ਆਖ਼ਿਰ ਜਿੱਤ ਹੀ ਕਹਾਉਂਦੀ ਐ। ਚਿੰਤਾ ਨਾ ਕਰੋ, ਸਭ ਠੀਕ ਹੋਵੇਗਾ।