ਅਦਾਕਾਰਾ ਕੰਗਨਾ ਰਣੌਤ ਕਿਸੇ ‘ਤੇ ਨਿਸ਼ਾਨਾ ਵਿੰਨ੍ਹਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ। ਕੰਗਨਾ ਨੇਤਾ ਤੋਂ ਲੈ ਕੇ ਬੌਲੀਵੁਡ ਸਿਤਾਰਿਆਂ ਤਕ, ਸਾਰਿਆਂ ਨੂੰ ਲੰਮੇ ਹੱਥੀਂ ਲੈਂਦੀ ਹੈ। ਇਸ ਵਾਰ ਉਸ ਨੇ ਅਦਾਕਾਰਾ ਅਤੇ ਸ਼ਿਵਸੈਨਾ ਨੇਤਾ ਉਰਮਿਲਾ ਮਾਤੋਂਡਕਰ ‘ਤੇ ਹਮਲਾ ਬੋਲਿਆ ਹੈ।
ਉਰਮਿਲਾ ਤੇ ਕੰਗਨਾ ਦੀ ਲੜਾਈ ਕਾਫ਼ੀ ਪੁਰਾਣੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਕੰਗਨਾ ਲਗਾਤਾਰ ਉਰਮਿਲਾ ‘ਤੇ ਨਿਸ਼ਾਨਾ ਵਿੰਨ੍ਹ ਰਹੀ ਹੈ, ਉਥੇ ਉਰਮਿਲਾ ਵੀ ਉਸ ‘ਤੇ ਤਨਜ਼ ਕੱਸਣ ਦਾ ਮੌਕਾ ਨਹੀਂ ਛੱਡ ਰਹੀ ਹੈ।
ਹਾਲ ਹੀ ‘ਚ ਕਾਂਗਰਸ ਨੂੰ ਛੱਡ ਕੇ ਸ਼ਿਵਸੈਨਾ ‘ਚ ਸ਼ਾਮਿਲ ਹੋਣ ਵਾਲੀ ਉਰਮਿਲਾ ਨੇ ਇੱਕ ਨਵਾਂ ਦਫ਼ਤਰ ਖ਼ਰੀਦ ਲਿਆ ਹੈ। ਉਸ ਨੇ ਤਿੰਨ ਕਰੋੜ ਦਾ ਨਵਾਂ ਦਫ਼ਤਰ ਖ਼ਰੀਦਿਆ ਹੈ। ਹੁਣ ਉਸ ਦੇ ਇਸ ਨਵੇਂ ਦਫ਼ਤਰ ‘ਤੇ ਕੰਗਨਾ ਰਣੌਤ ਨੇ ਨਿਸ਼ਾਨਾ ਵਿੰਨੑਿਆ ਹੈ।
ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, ”ਉਰਮਿਲਾ ਜੀ ਮੈਂ ਖ਼ੁਦ ਦੀ ਮਿਹਨਤ ਨਾਲ ਘਰ ਬਣਵਾਏ ਸਨ, ਕਾਂਗਰਸ ਉਨ੍ਹਾਂ ਨੂੰ ਤੋੜ ਰਹੀ ਹੈ। BJP ਨੂੰ ਖ਼ੁਸ਼ ਕਰ ਕੇ ਮੇਰੇ ਹੱਥ ਸਿਰਫ਼ 25-30 ਕੇਸ ਲੱਗੇ ਹਨ। ਕਾਸ਼ ਮੈਂ ਵੀ ਤੁਹਾਡੇ ਵਾਂਗ ਸਮਝਦਾਰ ਹੁੰਦੀ ਤਾਂ ਕਾਂਗਰਸ ਨੂੰ ਖ਼ੁਸ਼ ਕਰਦੀ। ਮੈਂ ਤਾਂ ਅਸਲ ‘ਚ ਕਾਫ਼ੀ ਬੇਵਕੂਫ਼ ਨਿਕਲੀ, ਨਹੀਂ?”
ਕੰਗਨਾ ਰਣੌਤ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਸ ਦੇ ਇਸ ਬਿਆਨ ‘ਤੇ ਪ੍ਰਸ਼ੰਸਕ ਖ਼ੂਬ ਮਜ਼ੇ ਲੈ ਰਹੇ ਹਨ।
ਦੱਸਣਯੋਗ ਹੈ ਕਿ ਕੰਗਨਾ ਦਾ ਉਰਮਿਲਾ ਖ਼ਿਲਾਫ਼ ਇਹ ਗੁੱਸਾ ਹੈਰਾਨ ਨਹੀਂ ਕਰਦਾ। ਹਾਲ ਹੀ ‘ਚ ਜਦੋਂ ਕੰਗਨਾ ਰਣੌਤ ਨੇ ਮੁੰਬਈ ਦੀ ਤਾਰੀਫ਼ ਕੀਤੀ ਸੀ ਤਾਂ ਓਦੋਂ ਉਰਮਿਲਾ ਨੇ ਕਿਹਾ ਸੀ, ”ਕੀ ਸਿਰ ਦੇ ਭਾਰ ਡਿੱਗੀ ਹੈ?”
ਇਸ ਤੋਂ ਪਹਿਲਾਂ ਵੀ ਜਦੋਂ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਨਾਲ ਕੀਤੀ ਸੀ, ਓਦੋਂ ਵੀ ਉਰਮਿਲਾ ਨੇ ਕੰਗਨਾ ਦੀ ਸਖਤ ਸ਼ਬਦਾਂ ‘ਚ ਨਿੰਦਿਆ ਕੀਤੀ ਸੀ। ਅਜਿਹੇ ‘ਚ ਹੁਣ ਕੰਗਨਾ ਦੇ ਇਹ ਟਵੀਟ ਵੀ ਹੈਰਾਨ ਨਹੀਂ ਕਰਦੇ ਹਨ।