ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ’ਚ ਡਟੇ ਹੋਏ ਹਨ। ਅੱਜ ਕਿਸਾਨ ਅੰਦੋਲਨ ਦਾ 43ਵਾਂ ਦਿਨ ਹੈ। ਕਿਸਾਨ ਅੱਜ ਯਾਨੀ ਕਿ ਵੀਰਵਾਰ ਨੂੰ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ’ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਹਨ। ਕਿਸਾਨਾਂ ਵਲੋਂ ਟਰੈਕਟਰ ਮਾਰਚ ਜ਼ਰੀਏ ਦਿੱਲੀ ਦੀ ਘੇਰਾਬੰਦੀ ਕੀਤੀ ਗਈ ਹੈ। ਇਸ ਤਰ੍ਹਾਂ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਵੀ ਤਿੱਖਾ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਹੱਕ ਲੈ ਕੇ ਹੀ ਜਾਵਾਂਗੇ, ਚਾਹੇ ਕੁਝ ਵੀ ਹੋ ਜਾਵੇ। ਕਿਸਾਨਾਂ ਨੇ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇ ਦਿਨ ਦਿੱਲੀ ’ਚ ਟਰੈਕਟਰ ਪਰੇਡ ਕੱਢਣ ਦੀ ਚਿਤਾਵਨੀ ਦਿੱਤੀ ਗਈ ਹੈ। ਕਈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਤੋਂ ਪਹਿਲਾ ਇਹ ਰਿਹਰਸਲ ਹੈ।
ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵਲੋਂ ਕੱਢਿਆ ਜਾ ਰਿਹਾ ਅੱਜ ਦਾ ਟਰੈਕਟਰ ਮਾਰਚ ਕੇਂਦਰ ਸਰਕਾਰ ਨਾਲ 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਹੋ ਰਿਹਾ ਹੈ। ਭਲਕੇ ਕਿਸਾਨ ਅਤੇ ਕੇਂਦਰ ਵਿਚਾਲੇ ਮੁੜ ਕਿਸਾਨੀ ਮਸਲੇ ’ਤੇ ਚਰਚਾ ਹੋਵੇਗੀ।
ਦੱਸ ਦੇਈਏ ਕਿ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਮਝਾਉਣ ਲਈ ਅਸੀਂ ਇਹ ਸਭ ਕਰ ਰਹੇ ਹਾਂ। ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ 7ਦੌਰ ਦੀ ਬੈਠਕ ਫੇਲ੍ਹ ਹੋਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕੀਤਾ ਹੈ।
ਰਾਸ਼ਟਰੀ ਕਿਸਾਨ ਮਜ਼ਦੂਰ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਸ਼ਿਵ ਕੁਮਾਰ ਕੱਕਾ ਕਹਿੰਦੇ ਹਨ ਕਿ ਅਸੀਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹਾਂ। ਅੱਜ ਅਸੀਂ ਟਰੈਕਟਰ ਮਾਰਚ ਕੱਢ ਰਹੇ ਹਾਂ।
ਇੰਝ ਕੱਢਿਆ ਜਾ ਰਿਹਾ ‘ਟਰੈਕਟਰ ਮਾਰਚ’
ਕਿਸਾਨ ਦਾ ਕਹਿਣਾ ਹੈ ਕਿ ਸਿੰਘੂ ਸਰਹੱਦ ਤੋਂ ਟਿਕਰੀ ਸਰਹੱਦ ਵੱਲ ਪਹਿਲਾ ਟਰੈਕਟਰ ਜੱਥਾ ਰਵਾਨਾ ਕੀਤਾ ਗਿਆ। ਦੂਜੇ ਜਥੇ ਵਿਚ ਟਿਕਰੀ ਸਰਹੱਦ ਤੋਂ ਕੁੰਡਲੀ ਵੱਲ ਜਾਂਦੇ ਹੋਏ ਕੇ. ਐੱਮ. ਪੀ. ਦਾ ਐਂਟਰੀ ਪੁਆਇੰਟ ਹੋਵੇਗਾ। ਤੀਜਾ ਜੱਥਾ ਗਾਜ਼ੀਪੁਰ ਤੋਂ ਪਲਵਲ ਵੱਲ ਜਾਵੇਗਾ, ਜਿਸ ਦੀ ਸ਼ੁਰੂਆਤ ਡਾਸਨਾ ਤੋਂ ਕੇ. ਐੱਮ. ਪੀ ਦੇ ਐਂਟਰੀ ਪੁਆਇੰਟ ’ਤੇ ਹੋਵੇਗੀ। ਚੌਥਾ ਜੱਥਾ ਰੇਵਾਸਨ ਤੋਂ ਪਲਵਲ ਵੱਲ ਜਾਵੇਗਾ, ਜਿਸ ਦੀ ਸ਼ੁਰੂਆਤ ਰੇਵਾਸਨ ’ਚ ਕੇ. ਐੱਮ. ਪੀ. ਦੇ ਐਂਟਰੀ ਪੁਆਇੰਟ ’ਤੇ ਹੋਵੇਗੀ। 5ਵਾਂ ਜੱਥਾ ਢਾਸਾ ਸਰਹੱਦ ਤੋਂ ਮਾਨੇਸਰ ਤੱਕ ਜਾਵੇਗਾ ਅਤੇ ਫਿਰ ਆਪਣੀ ਸ਼ੁਰੂਆਤ ਬਿੰਦੂ ’ਤੇ ਪਰਤ ਆਵੇਗਾ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅੱਜ ਦੀ ਟਰੈਕਟਰ ਰੈਲੀ 26 ਜਨਵਰੀ ਨੂੰ ਨਿਕਲਣ ਵਾਲੀ ਰੈਲੀ ਦਾ ਟ੍ਰੇਲਰ ਹੈ।
News Credit :jagbani(punjabkesari)