ਨਵੀਂ ਦਿੱਲੀ : ਕਿਸਾਨ ਸਾਂਝਾ ਮੋਰਚਾ ਵੱਲੋਂ ਅੱਜ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਸਿੰਘੂ ਬਾਰਡਰ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ’ਚ ਪੰਜਾਬ ਤੋਂ ਇਲਾਵਾ ਯੂ. ਪੀ., ਹਰਿਆਣਾ ਤੋਂ ਹਜ਼ਾਰਾਂ ਕਿਸਾਨ ਟਰੈਕਟਰ ਲੈ ਕੇ ਸੜਕਾਂ ’ਤੇ ਆ ਗਏ।
ਸਿੰਘੂ ਬਾਰਡਰ ਤੋਂ ਟਰੈਕਟਰ ਮਾਰਚ ‘ਤੇ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਟਰੈਕਟਰ ਮਾਰਚ ਤਾਂ ਇੱਕ ਰਿਹਰਸਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭਲਕੇ 8 ਜਨਵਰੀ ਨੂੰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲੱਖਾਂ ਹੀ ਕਿਸਾਨ ਦਿੱਲੀ ’ਚ ਆਪਣੇ ਟਰੈਕਟਰ ਲੈ ਕੇ ਦਾਖ਼ਲ ਹੋ ਜਾਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਲੱਖੋਵਾਲ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਹਜ਼ਾਰਾਂ ਹੀ ਕਿਸਾਨ ਅੱਜ ਇੱਥੋਂ ਟਿੱਕਰੀ ਬਾਰਡਰ ਵੱਲ ਨੂੰ ਕੂਚ ਕਰਨਗੇ ਅਤੇ ਗਾਜ਼ੀਪੁਰ ਧਰਨੇ ’ਤੇ ਬੈਠੇ ਕਿਸਾਨ ਪਲਵਲ ਵੱਲ ਨੂੰ ਜਾਣਗੇ।
ਉਨ੍ਹਾਂ ਕਿਹਾ ਕਿ ਅੱਜ ਵੀ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਾਲੇ ਕਾਨੂੰਨ ਰੱਦ ਕਰ ਦੇਵੇ ਨਹੀਂ ਤਾਂ 26 ਜਨਵਰੀ ਵਾਲਾ ਟਰੈਕਟਰ ਮਾਰਚ ਇੰਨਾ ਵਿਸ਼ਾਲ ਹੋਵੇਗਾ ਕਿ ਲੱਖਾਂ ਟਰੈਕਟਰ ਦਿੱਲੀ ਦਾਖ਼ਲ ਹੋ ਜਾਣਗੇ।
News Credit :jagbani(punjabkesari)