ਬੌਲੀਵੁਡ ਅਦਾਕਾਰਾ ਜਾਹਨਵੀ ਕਪੂਰ ਨੇ ਮੁੰਬਈ ਦੇ ਜੁਹੂ ‘ਚ ਖ਼ੁਦ ਦਾ ਘਰ ਖ਼ਰੀਦ ਲਿਆ ਹੈ। ਇਸ ਵਜ੍ਹਾ ਨਾਲ ਅਦਾਕਾਰਾ ਅੱਜ ਚਰਚਾ ‘ਚ ਹੈ। ਜਾਹਨਵੀ ਨੇ ਹੁਣ ਤਕ ਸਿਰਫ਼ ਦੋ ਫ਼ਿਲਮਾਂ ਕੀਤੀਆਂ ਹਨ। ਜੋ ਘਰ ਜਾਹਨਵੀ ਨੇ ਖਰੀਦਿਆ ਹੈ ਉਸ ਦੀ ਕੀਮਤ 39 ਕਰੋੜ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਸੱਤ ਦਸੰਬਰ ਨੂੰ ਅਦਾਕਾਰਾ ਨੇ ਇਹ ਡੀਲ ਫ਼ਾਈਨਲ ਕੀਤੀ। ਇਹ ਘਰ 3, 456 ਸਕੁਇਅਰ ਫ਼ੁੱਟ ਦਾ ਹੈ ਅਤੇ ਇਸ ਅਦਾਕਾਰਾ ਨੇ ਇਸ ਲਈ 78 ਲੱਖ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ ਹੈ। ਖ਼ਬਰਾਂ ਮੁਤਾਬਿਕ ਇਸ ਘਰ ‘ਚ ਛੇ ਕਾਰਾਂ ਦੀ ਪਾਰਕਿੰਗ ਲਈ ਜਗ੍ਹਾ ਹੈ। ਦੱਸਣਯੋਗ ਹੈ ਕਿ ਜਾਹਨਵੀ ਕਪੂਰ ਤੋਂ ਇਲਾਵਾ ਆਲੀਆ ਭੱਟ ਅਤੇ ਰਿਤਿਕ ਰੋਸ਼ਨ ਨੇ ਵੀ ਆਪਣਾ ਘਰ ਖ਼ਰੀਦਿਆ ਹੈ। ਆਲੀਆ ਨੇ ਰਣਬੀਰ ਕਪੂਰ ਦੇ ਅਪਾਰਟਮੈਂਟ ‘ਚ ਹੀ ਘਰ ਖ਼ਰੀਦਿਆ ਹੈ। ਰਿਤਿਕ ਰੋਸ਼ਨ ਦੀ ਗੱਲ ਕਰੀਏ ਤਾਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਜੋ ਪੈਂਟਹਾਊਸ ਉਨ੍ਹਾਂ ਨੇ ਜੁਹੂ ‘ਚ ਖ਼ਰੀਦਿਆ ਹੈ ਉਸ ਦੀ ਕੀਮਤ ਕਰੀਬ 100 ਕਰੋੜ ਹੈ।
ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਨੇ ਫ਼ਿਲਮ ਧੜਕ ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ ਹਿੱਟ ਰਹੀ ਸੀ। ਉਸ ਤੋਂ ਬਾਅਦ ਅਦਾਕਾਰਾ ਗੁੰਜਨ ਸਕਸੈਨਾ – ਦਾ ਕਾਰਗਿਲ ਗਰਲ ‘ਚ ਨਜ਼ਰ ਆਈ। ਇਸ ਫ਼ਿਲਮ ‘ਚ ਵੀ ਜਾਹਨਵੀ ਨੂੰ ਪਸੰਦ ਕੀਤਾ ਗਿਆ। ਫ਼ਿਲਮਾਂ ਤੋਂ ਇਲਾਵਾ ਜਾਹਨਵੀ ਕਪੂਰ ਐਂਡੋਸਰਮੈਂਟ ਨਾਲ ਕਮਾਉਂਦੀ ਹੈ। ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਅੱਗੇ ਦੋਸਤਾਨਾ 2 ਅਤੇ ਰੂਹੀ ਅਫ਼ਜ਼ਾ ‘ਚ ਨਜ਼ਰ ਆਉਣ ਵਾਲੀ ਹੈ।